ਪੱਤਰ ਪ੍ਰੇਰਕ
ਲਹਿਰਾਗਾਗਾ, 13 ਨਵੰਬਰ
ਪੰਜਾਬ ਦੀ ਡਿਪੂ ਹੋਲਡਰ ਯੂਨੀਅਨ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਮਿਲ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਪੱਤਰ ਦਿੱਤਾ। ਇਸ ਸਮੇਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਬੀਬੀ ਭੱਠਲ ਨੂੰ ਦੱਸਿਆ ਕਿ ਡਿੱਪੂ ਹੋਲਡਰਾਂ ਦੀ ਆਰਥਿਕ ਹਾਲਤ ਖਸਤਾ ਹੈ ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਨੂੰ ਨਾਂਮਾਤਰ ਕਮਿਸ਼ਨ ਹੀ ਦਿੱਤਾ ਜਾਂਦਾ ਹੈ। ਨਾ ਹੀ ਕਣਕ ਅਣਲੋਡ ਦੇ ਪੈਸੇ ਅਜੇ ਤੱਕ ਦਿੱਤੇ ਗਏ। ਜਥੇਬੰਦੀ ਨੇ ਮੰਗ ਕੀਤੀ ਕਿ ਡਿਪੂ ਹੋਲਡਰਾਂ ਨੂੰ ਸੇਲਜ਼ਮੈਨ ਦੇ ਬਰਾਬਰ ਤਨਖਾਹ ਦਿੱਤੀ ਜਾਵੇ। ਕਣਕ ਦੇ ਨਾਲ ਖਪਤਕਾਰਾਂ ਨੂੰ ਦੇਣ ਲਈ ਵਾਅਦੇ ਮੁਤਾਬਕ ਚੀਨੀ ਚਾਹ ਪੱਤੀ ਤੇ ਹੋਰ ਘਰੇਲੂ ਸਾਮਾਨ ਦਿੱਤਾ ਜਾਵੇ। ਈਪੋਸ਼ ਮਸ਼ੀਨਾਂ ਹਰੇਕ ਡਿਪੂ ਹੋਲਡਰ ਨੂੰ ਦਿੱਤੀਆਂ ਜਾਣ। ਮੁਫ਼ਤ ਵੰਡੀ ਕਣਕ ਦਾ ਕਮਿਸ਼ਨ ਡਿੱਪੂ ਹੋਲਡਰਾਂ ਨੂੰ ਅਜੇ ਤੱਕ ਨਹੀਂ ਮਿਲਿਆ, ਜਲਦੀ ਦਿੱਤਾ ਜਾਵੇ। ਇਸ ’ਤੇ ਬੀਬੀ ਭੱਠਲ ਨੇ ਤੁਰੰਤ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਫੋਨ ਕਰਕੇ ਡਿੱਪੂ ਹੋਲਡਰਾਂ ਦੀਆਂ ਮੰਗਾਂ ਹੱਲ ਕਰਨ ਲਈ ਵਿਸ਼ਵਾਸ ਦਿਵਾਇਆ। ਇਸ ਸਮੇਂ ਉਨ੍ਹਾਂ ਨਾਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਮੰਗੀ, ਪਰਮਜੀਤ ਸਿੰਘ ਹਾਂਡਾ ਆਦਿ ਮੌਜੂਦ ਸਨ।