ਜਗਤਾਰ ਸਿੰਘ ਨਹਿਲ
ਲੌਂਗੋਵਾਲ, 31 ਮਾਰਚ
ਮੁੱਖ ਮੰਤਰੀ ਭਗਵੰਤ ਮਾਨ ਦੇ ਘਰ-ਘਰ ਰਾਸ਼ਨ ਪਹੁੰਚਾਉਣ ਦੇ ਐਲਾਨ ਨੂੰ ਡਿਪੂ ਹੋਲਡਰ ਯੂਨੀਅਨ ਨੇ ਰੱਦ ਕਰਦਿਆਂ ਅਗਲੇ ਫੇਸ ਦੀ ਵੰਡ ਪ੍ਰਣਾਲੀ ਲਈ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਹੈ। ਅੱਜ ਇੱਥੇ ਗੁਰਦੁਆਰਾ ਢਾਬ ਆਲਾ ਵਿਖੇ ਇਲਾਕੇ ਦੇ ਡਿਪੂ ਹੋਲਡਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ ਕਿਹਾ ਕਿ ਜੇ ਸਰਕਾਰ ਦਿੱਲੀ ਦੀ ਤਰਜ਼ ’ਤੇ ਸੇਵਾਵਾਂ ਦੇਣ ਦੀ ਗੱਲ ਆਖਦੀ ਹੈ ਤਾਂ ਦਿੱਲੀ ਵਾਂਗੂ ਡਿਪੂ ਹੋਲਡਰਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਜਾਂ ਪੱਕੀ ਤਨਖਾਹ ਵੀ ਦੇਵੇ। ਡਿਪੂ ਹੋਲਡਰਾਂ ਵਲੋਂ ਕਰੋਨਾ ਕਾਲ ਦੌਰਾਨ ਆਪਣੀਆਂ ਜਾਨਾਂ ਜ਼ੋਖਮ ’ਚ ਪਾ ਕੇ ਮੁਫ਼ਤ ਵੰਡੀ ਕਣਕ ਦਾ ਸਰਕਾਰ ਵਲੋਂ ਅਜੇ ਤੱਕ ਕਮਿਸ਼ਨ ਨਹੀਂ ਦਿੱਤਾ ਗਿਆ। ਸਰਕਾਰ ਵੱਲੋਂ ਪ੍ਰਧਾਨ ਮੰਤਰੀ ਯੋਜਨਾ ਵਾਲੀ ਕਣਕ ’ਚ ਲਾਏ ਕੱਟ ਕਾਰਨ ਬਹੁਤ ਸਾਰੇ ਕਾਰਡ ਧਾਰਕ ਕਣਕ ਲੈਣੋਂ ਰਹਿ ਜਾਂਦੇ ਹਨ ਜੋ ਡਿਪੂ ਹੋਲਡਰਾਂ ਨਾਲ ਕਲੇਸ਼ ਦਾ ਕਾਰਨ ਬਣਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਖਾਮੀਆਂ ਦਾ ਠੀਕਰਾ ਡਿਪੂ ਹੋਲਡਰਾਂ ਦੇ ਸਿਰ ਭੰਨਿਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਚੋਟੀਆਂ, ਰਾਜ ਸਿੰਘ ਸਰਪੰਚ, ਕਰਨੈਲ ਸਿੰਘ ਫੌਜੀ, ਗੁਰਜੰਟ ਸਿੰਘ, ਦਾਤਾ ਰਾਮ, ਬਬਲੀ, ਤਲਵਿੰਦਰ ਸਿੰਘ, ਗੁਰਮਖ ਸਿੰਘ ਢੱਡਰੀਆਂ, ਕੁਲਵਿੰਦਰ ਸਿੰਘ ਵੀ ਮੌਜੂਦ ਸਨ।