ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 3 ਫਰਵਰੀ
ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ‘ਚ ਚੱਲ ਰਹੇ ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਲਈ ਪਿੰਡਾਂ ਤੋਂ ਕਿਸਾਨ ਜਥਿਆਂ ਦੇ ਦਿੱਲੀ ਲਈ ਰਵਾਨਾ ਹੋਣ ਦਾ ਸਿਲਸਿਲਾ ਜਾਰੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪਿੰਡ ਸੰਗਾਲੀ ਤੋਂ 7ਵਾਂ ਜਥਾ ਤੇ ਪਿੰਡ ਰਾਣਵਾਂ ਤੋਂ ਗਿਆਰਵਾਂ ਜਥਾ ਦਿੱਲੀ ਲਈ ਰਵਾਨਾ ਹੋਇਆ। ਪਿੰਡ ਸੰਗਾਲੀ ਦੇ ਦਿੱਲੀ ਜਾਣ ਵਾਲੇ ਜਥੇ ਲਈ ਗੁਰਪ੍ਰੀਤ ਸਿੰਘ ਆਸਟਰੇਲੀਆ ਨੇ 200 ਪੇਟੀ ਪਾਣੀ ਦੀ ਸੇਵਾ ਕੀਤੀ, ਜੋ ਕਿਸਾਨ ਜੱਥਾ ਨਾਲ ਲੈ ਕੇ ਗਿਆ ਹੈ। ਇਸ ਮੌਕੇ ਆਗੂਆਂ ਕਿਹਾ ਜਦੋਂ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਜੱਥੇ ਦਿੱਲੀ ਜਾਂਦੇ ਰਹਿਣਗੇ।
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਅਹਿਮਦਗੜ੍ਹ ਪ੍ਰਧਾਨ ਸਮਸ਼ੇਰ ਸਿੰਘ ਅਤੇ ਪ੍ਰੈੱਸ ਸਕੱਤਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਬੌੜਹਾਈ ਕਲਾਂ ਅਤੇ ਅਕਬਰਪੁਰ ਛੰਨਾ ਤੋਂ ਕਿਸਾਨੀ ਜਥਾ ਵੱਡੀ ਗਿਣਤੀ ਵਿਚ ਰਵਾਨਾ ਹੋਇਆ। ਇਕਾਈ ਪ੍ਰਧਾਨ ਜਗਦੀਸ਼ ਸਿੰਘ ਡੀ ਸੀ, ਪ੍ਰਧਾਨ ਇਕਬਾਲ ਸਿੰਘ ਅਤੇ ਰਸਪਿੰਦਰ ਸਿੰਘ ਗਾਂਧੀ ਨੇ ਦੱਸਿਆ ਕਿ ਉਹ ਪਾਣੀ ਵਾਲੀ ਟੈਂਕੀ ਤੋਂ ਇਲਾਵਾ ਖਾਣ ਪੀਣ ਸਾਮਾਨ ਸਮੇਤ ਰਵਾਨਾ ਹੋਏ ਹਨ।