ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਤ੍ਰੈ-ਭਾਸ਼ੀ ਕਵੀ ਦਰਬਾਰ : The Tribune India

ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਤ੍ਰੈ-ਭਾਸ਼ੀ ਕਵੀ ਦਰਬਾਰ

ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਤ੍ਰੈ-ਭਾਸ਼ੀ ਕਵੀ ਦਰਬਾਰ

ਪੁਸਤਕ ‘ਕਲਾਮ-ਏ-ਫ਼ਕੀਰ’ ਲੋਕ ਅਰਪਣ ਕਰਦੇ ਹੋਏ ਮੁੱਖ ਮਹਿਮਾਨ ਤੇ ਹੋਰ। - ਫੋਟੋ: ਰਾਣੂ

ਨਿੱਜੀ ਪੱਤਰ ਪ੍ਰੇਰਕ

ਮਾਲੇਰਕੋਟਲਾ, 30 ਨਵੰਬਰ

ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬ ਉਰਦੂ ਅਕਾਦਮੀ ਦੇ ਸਹਿਯੋਗ ਨਾਲ ਇਕਬਾਲ ਆਡੀਟੋਰੀਅਮ ਵਿੱਚ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਦੀ ਮੁਖੀ ਡਾ. ਰੁਬੀਨਾ ਸ਼ਬਨਮ ਨੇ ਕੀਤੀ। ਭਾਸ਼ਾ ਵਿਭਾਗ ਦੇ ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ ਤੇ ਸੁਰਿੰਦਰ ਕੌਰ, ਜ਼ਿਲ਼੍ਹਾ ਭਾਸ਼ਾ ਅਫ਼ਸਰ ਸੰਗਰੂਰ ਰਣਜੋਧ ਸਿੰਘ ਨੇ ਮਹਿਮਾਨਾਂ ਨੂੰ ਬੂਟੇ ਦੇ ਕੇ ਸਵਾਗਤ ਕੀਤਾ। ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਵਿਭਾਗ ਦੀਆਂ ਯੋਜਨਾਵਾਂ ਤੇ ਸਰਗਰਮੀਆਂ ਬਾਰੇ ਦੱਸਿਆ। ਨੂਰ ਮੁਹੰਮਦ ਨੂਰ ਵੱਲੋਂ ਬਾਬਾ-ਏ-ਪੰਜਾਬੀ ਡਾ. ਫ਼ਕੀਰ ਮੁਹੰਮਦ ਫ਼ਕੀਰ ਦੀਆਂ ਚੋਣਵੀਆਂ ਰਚਨਾਵਾਂ ’ਤੇ ਆਧਾਰਤ ਸ਼ਾਹਮੁਖੀ ਤੋਂ ਗੁਰਮੁਖੀ ’ਚ ਅਨੁਵਾਦ ਕੀਤੀ ਗਈ ਪੁਸਤਕ ‘ਕਲਾਮ-ਏ-ਫ਼ਕੀਰ’ ਵੀ ਰਿਲੀਜ਼ ਕੀਤੀ ਗਈ।

ਇਸ ਦੌਰਾਨ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਮੁੱਖ ਮਹਿਮਾਨ ਵਿਧਾਇਕ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ ਤੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਸੂਬੇ ਤੇ ਇਸ ਤੋਂ ਬਾਹਰ ਪ੍ਰਫੁੱਲਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਉਥੇ ਹੋਰ ਭਾਸ਼ਾਵਾਂ ਉਰਦੂ ਤੇ ਹਿੰਦੀ ਆਦਿ ਨੂੰ ਵੀ ਪੂਰਾ ਸਤਿਕਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਤਿੰਨਾਂ ਭਾਸ਼ਾਵਾਂ ਦਾ ਸਾਂਝਾ ਕਵੀ ਦਰਬਾਰ ਕਰਵਾਉਣ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਜਿਹੇ ਸਮਾਗਮਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਰਦੂ ਭਾਸ਼ਾ ਦੇ ਵਿਕਾਸ ’ਚ ਜੋ ਦੁਸ਼ਵਾਰੀਆਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਉਹ ਵਿਧਾਨ ਸਭਾ ’ਚ ਵੀ ਆਵਾਜ਼ ਉਠਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ। ਕਵੀ ਦਰਬਾਰ ਦੌਰਾਨ ਨਾਮਵਰ ਸ਼ਾਇਰ ਨਾਸਿਰ ਨਕਵੀ, ਧਰਮ ਕੰਮੇਆਣਾ, ਜ਼ਮੀਰ ਅਲੀ ਜ਼ਮੀਰ, ਮਹਿਕ ਭਾਰਤੀ, ਨੂਰ ਮੁਹੰਮਦ ਨੂਰ, ਸੰਦੀਪ ਜੈਸਵਾਲ, ਰਹਿਮਾਨ ਸਈਅਦ, ਅਰਵਿੰਦ ਕੌਰ ਸੋਹੀ, ਡਾ. ਰਹਿਮਾਨ ਅਖ਼ਤਰ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਰੰਗ ਬੰਨ੍ਹਿਆ। ਮੰਚ ਸੰਚਾਲਨ ਅਸ਼ਰਫ ਮਹਿਮੂਦ ਨੰਦਨ ਨੇ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All