ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਦਸੰਬਰ
ਇਲਾਕੇ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਪੈਣ ਨਾਲ ਜਨਜੀਵਨ ਪ੍ਰਭਾਵਿਤ ਹੋਇਆ। ਲੋਕ ਸਵੇਰੇ 9.30 ਵਜੇ ਤੱਕ ਘਰਾਂ ’ਚ ਹੀ ਰਹਿਣ ਲਈ ਮਜਬੂਰ ਹੋਏ ਪਰ 10 ਵਜੇ ਹਲਕੀ ਧੁੱਪ ਨਿਕਲਣ ਦੇ ਬਾਵਜੂਦ ਠੰਢ ਬਰਕਰਾਰ ਰਹੀ। ਰੇਲਵੇ ਸਟੇਸ਼ਨ ਪਲੇਟਫਾਰਮ ’ਤੇ ਮਹਿਜ਼ 15 ਫੁੱਟ ਤੋਂ ਦੂਰ ਕੁਝ ਨਜ਼ਰ ਨਹੀਂ ਆ ਰਿਹਾ ਸੀ। ਭਾਵੇਂ ਸਵਾਰੀ ਗੱਡੀਆਂ ਬੰਦ ਹਨ ਪਰ ਮਾਲ ਗੱਡੀਆਂ ਲਗਾਤਾਰ ਲੰਘਣ ਕਰਕੇ ਆਮ ਲੋਕਾਂ ਅਤੇ 9-12 ਦੇ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਪ੍ਰੇਸ਼ਾਨੀ ਝੱਲਣੀ ਪਈ। ਸੰਘਣੀ ਧੁੰਦ ਕਰਕੇ ਦਿਨ ’ਚ ਵੀ ਵਾਹਨ ਚਾਲਕਾਂ ਨੂੰ ਗੱਡੀਆਂ ਦੀਆਂ ਲਾਈਟਾਂ ਚਲਾ ਕੇ ਰੱਖਣ ਲਈ ਮਜਬੂਰ ਹੋਣਾ ਪਿਆ। ਆਮ ਲੋਕ ਸਵੇਰੇ ਹੀ ਥਾਂ ਥਾਂ ਅੱਗ ਸੇਕਦੇ ਨਜ਼ਰ ਆਏ। ਬਲਾਕ ਖੇਤੀਬਾੜੀ ਅਫਸਰ ਡਾ. ਇੰਦਰਜੀਤ ਸਿੰਘ ਭੱਟੀ ਦਾ ਕਹਿਣਾ ਹੈ ਕਿ ਧੁੰਦ ਕਣਕ ਦੀ ਫਸਲ ਲਈ ਲਾਭਕਾਰੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਬੀਜਾਈ ਲਈ ਤਾਪਮਾਨ ਗਰਮ ਚਾਹੀਦਾ ਹੈ ਜਦਕਿ ਬਾਅਦ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਠੰਡ ਅਤੇ ਧੁੰਦ ਜ਼ਰੂਰੀ ਹੁੰਦੀ ਹੈ।