ਪੱਤਰ ਪ੍ਰੇਰਕ
ਭਵਾਨੀਗੜ੍ਹ, 23 ਅਕਤੂਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਪਿੰਡ ਝਨੇੜੀ ਤੇ ਬਾਲਦ ਕਲਾਂ ਵਿੱਚ ਜਨਤਕ ਜਥੇਬੰਦੀਆਂ ਦੇ ਸੱਦੇ ਤਹਿਤ ਐੱਸਐੱਸਪੀ ਸੰਗਰੂਰ ਅਤੇ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਬਲਾਕ ਆਗੂ ਅਵਤਾਰ ਸਿੰਘ ਨੇ ਦੋਸ਼ ਲਗਾਇਆ ਕਿ ਸੰਗਰੂਰ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਵੱਲੋਂ ਆਰਐੱਸਐੱਸ ਦੇ ਇਸ਼ਾਰਿਆਂ ’ਤੇ ਚੱਲਦੇ ਹੋਏ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਨੌਜਵਾਨਾਂ ਨੂੰ ਝੂਠੇ ਪਰਚੇ ਦਰਜ ਕਰ ਕੇ ਜੇਲ੍ਹੀਂ ਡੱਕਿਆ ਹੋਇਆ ਹੈ, ਪਰ ਦੂਜੇ ਪਾਸੇ ਨੌਜਵਾਨਾਂ ’ਤੇ ਹਮਲਾ ਕਰਨ ਵਾਲੇ ਭਾਜਪਾ ਆਗੂਆਂ ਖ਼ਿਲਾਫ਼ ਸਿਰਫ਼ ਡੀਡੀਆਰ ਦਰਜ ਕਰ ਕੇ ਜਾਂਚ ਲਈ ਰੱਖ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐੱਸਐੱਸਪੀ ਸੰਗਰੂਰ ਦੇ ਪੱਖਪਾਤੀ ਰਵੱਈਏ ਖ਼ਿਲਾਫ਼ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਆਵਾਜ਼ ਉਠਾਈ ਤਾਂ ਕਮੇਟੀ ਦੇ 78 ਆਗੂਆਂ ਸਮੇਤ ਦਰਜਨਾਂ ਔਰਤਾਂ ਵਿਰੁੱਧ ਪੁਰਾਣੇ ਪਰਚੇ ਖੋਲ੍ਹ ਕੇ ਸੰਮਨ ਜਾਰੀ ਕਰ ਦਿੱਤੇ ਗਏ ਹਨ। ਲੋਕਾਂ ਨੇ ਇਸ ਧੱਕੇਸ਼ਾਹੀ ਖ਼ਿਲਾਫ਼ ਉਕਤ ਦੋਵੇਂ ਪਿੰਡਾਂ ਵਿੱਚ ਇਕੱਠੇ ਹੋ ਕੇ ਅੱਜ ਐੱਸਐੱਸਪੀ ਸੰਗਰੂਰ ਅਤੇ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਐੱਸਐੱਸਪੀ ਸੰਗਰੂਰ ਦੇ ਆਰਐੱਸਐੱਸ ਨਾਲ ਸਬੰਧਾਂ ਦੀ ਜਾਂਚ ਕਰਨ, ਸਾਰੇ ਪਰਚੇ ਰੱਦ ਕਰ ਕੇ ਗ੍ਰਿਫ਼ਤਾਰ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਅਤੇ ਆਰਐੱਸਐੱਸ ਭਾਜਪਾ ਆਗੂਆਂ ਖ਼ਿਲਾਫ਼ ਪਰਚਾ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਵੱਖ-ਵੱਖ ਪਿੰਡਾਂ ਵਿਚ ਆਰਐੱਸਐੱਸ ਦੇ ਮੁਖੀ ਅਤੇ ਸੰਗਰੂਰ ਦੇ ਐੱਸਐੱਸਪੀ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ। ਪਿੰਡ ਬਡਰੁੱਖਾਂ ਤੇ ਖੇੜੀ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਲਿਤ ਵਰਗ ਦੇ ਲੋਕਾਂ ਵੱਲੋਂ ਅਰਥੀਆਂ ਸਾੜੀਆਂ ਗਈਆਂ ਅਤੇ ਆਰਐੱਸਐੱਸ ਅਤੇ ਐੱਸਐੱਸਪੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਅਤੇ ਇਲਾਕਾ ਆਗੂ ਰਾਜ ਬਡਰੁਖਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਮੰਤਰੀ ਦਲਿਤ ਹਿਤੈਸ਼ੀ ਹੋਣ ਦਾ ਨਾਟਕ ਖੇਡ ਰਹੇ ਹਨ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਪਰ ਲੋਕ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਲੋਕਾਂ ਨੂੰ ਇਹ ਗੱਲ ਭਲੀਭਾਂਤ ਪਤਾ ਹੈ ਕਿ ਭਾਜਪਾ ਅਤੇ ਆਰਐੱਸਐੱਸ ਦਲਿਤ ਅਤੇ ਕਿਸਾਨ ਵਿਰੋਧੀ ਹੈ ਤੇ ਲੋਕ ਸੰਘਰਸ਼ਾਂ ਰਾਹੀਂ ਅਜਿਹੀਆਂ ਫਿਰਕੂ ਕਾਰਵਾਈਆਂ ਦਾ ਜਵਾਬ ਦੇਣਗੇ।
ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਜਲੂਰ ਵਿੱਚ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਦੀ ਅਗਵਾਈ ਹੇਠ ਕਮੇਟੀ ਦੇ ਕਾਰਕੁਨਾਂ ਵੱਲੋਂ ਦਲਿਤ ਸੰਘਰਸ਼ਸ਼ੀਲ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰਨ ਦੇ ਦੋਸ਼ ਲਾਉਂਦਿਆਂ ਪਿੰਡ ਜਲੂਰ ਵਿੱਚ ਸੰਗਰੂਰ ਦੇ ਨਵ-ਨਿਯੁਕਤ ਐੱਸਐੱਸਪੀ ਤੇ ਆਰਐੱਸਐੱਸ ਦੀ ਅਰਥੀ ਸਾੜੀ ਗਈ ਅਤੇ ਨਾਅਰੇਬਾਜ਼ੀ ਕੀਤੀ ਗਈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਇਲਾਕਾ ਖ਼ਜ਼ਾਨਚੀ ਮੱਖਣ ਸਿੰਘ ਜਲੂਰ ਨੇ ਕਿਹਾ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਜਲਦੀ ਹੀ ਵੱਡਾ ਐਕਸ਼ਨ ਉਲੀਕਣ ਦਾ ਸੱਦਾ ਦਿੱਤਾ ਗਿਆ ਅਤੇ ਲਹਿਰਾਗਾਗਾ ਦੇ ਵੱਖ-ਵੱਖ ਪਿੰਡਾਂ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਬਿੰਦਰ ਸਿੰਘ, ਲਾਭ ਸਿੰਘ, ਸਤਪਾਲ ਸਿੰਘ, ਅਜਾਇਬ ਸਿੰਘ, ਸੋਨੀ ਸਿੰਘ ਤੇ ਰੂਪਾ ਸਿੰਘ ਆਦਿ ਹਾਜ਼ਰ ਸਨ।