ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਫਰਵਰੀ
ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਵੱਲੋਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਸਮੇਤ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਅਤੇ 6ਵੀਂ ਤੋਂ ਉੱਪਰ ਵਾਲੇ ਸਕੂਲਾਂ ਨੂੰ ਬੇਤੁਕੀਆਂ ਸ਼ਰਤਾਂ ਲਾਉਣ ਖਿਲਾਫ ਸ਼ਹਿਰ ਵਿਚ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ। ਕਿਸਾਨ ਆਗੂ ਹਰਜੀਤ ਸਿੰਘ ਮਹਿਲਾ, ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਕਿਸੇ ਵਿਗਿਆਨਕ ਆਧਾਰ ਤੋਂਂ ਬਿਨਾਂ ਹੀ ਕਰੋਨਾ ਦੀ ਆੜ ਹੇਠ ਸਕੂਲ ਕਾਲਜ ਬੰਦ ਕਰ ਕੇ ਆਮ ਕਿਸਾਨਾਂ, ਮਜ਼ਦੂਰਾਂ ਤੇ ਹੋਰ ਕਿਰਤੀਆਂ ਦੇ ਬੱਚਿਆਂ ਦਾ ਆਪਣੇ ਅਧਿਆਪਕਾਂ ਰਾਹੀਂ ਸਹੀ ਸਰਬਪੱਖੀ ਸਿੱਖਿਆ ਗ੍ਰਹਿਣ ਕਰਨ ਦਾ ਹੱਕ ਖੋਹਿਆ ਹੈ। ਆਨਲਾਈਨ ਸਿੱਖਿਆ ਦਾ ਖਰਚਾ ਝੱਲਣੋਂ ਅਸਮਰੱਥ ਗ਼ਰੀਬ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਇਸ ਅਧੂਰੀ ਸਿੱਖਿਆ ਤੋਂ ਵੀ ਵਾਂਝੇ ਰਹਿ ਰਹੇ ਹਨ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ, ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ, ਕਿਸਾਨ ਆਗੂ ਬਲਵਿੰਦਰ ਸਿੰਘ ਘਟੌੜਾ ਜੱਟਾਂ ਨੇ ਵੀ ਸੰਬੋਧਨ ਕੀਤਾ।
ਕਿਸਾਨਾਂ ਨੇ ਵਿਦਿਆਰਥੀਆਂ ਨੂੰ ਜਮਾਤਾਂ ਵਿੱਚ ਬਿਠਾਇਆ
ਸ਼ੇਰਪੁਰ (ਪੱਤਰ ਪ੍ਰੇਰਕ): ਸਰਕਾਰੀ ਐਲੀਮੈਂਟਰੀ ਸਕੂਲ ਈਸਾਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਮਸ਼ੇਰ ਸਿੰਘ ਈਸਾਪੁਰ ਦੀ ਅਗਵਾਈ ਹੇਠ ਰੋਸ ਰੈਲੀ ਕਰਕੇ ਸਮੇਂ ਦੀਆਂ ਸਰਕਾਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਮੰਗ ਕਰ ਰਹੇ ਸਨ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਾਲ-ਨਾਲ ਪ੍ਰਾਇਮਰੀ ਸਕੂਲਾਂ ਨੂੰ ਵੀ ਤੁਰੰਤ ਬਿਨਾ ਸ਼ਰਤ ਖੋਲ੍ਹਿਆ ਜਾਵੇ। ਕਿਸਾਨ ਜਥੇਬੰਦੀ ਨੇ ਬੀਤੀ ਸ਼ਾਮ ਪਿੰਡ ਦੇ ਧਾਰਮਿਕ ਸਥਾਨਾਂ ਤੋਂ ਮੁਨਾਦੀ ਕਰਵਾ ਕੇ ਬੱਚਿਆਂ ਨੂੰ ਅੱਜ ਸਵੇਰੇ ਸਕੂਲ ਵਿੱਚ ਸੱਦਿਆ ਅਤੇ ਜਮਾਤਾਂ ਵਿੱਚ ਬਿਠਾਇਆ। ਦੋ ਅਧਿਆਪਕਾਂ ਦੀ ਚੋਣ ਡਿਊਟੀ ਲੱਗੀ ਹੋਈ ਸੀ ਜਦੋਂ ਕਿ ਦੋ ਅਧਿਆਪਕ ਬੀਐੱਲਓ ਡਿਊਟੀ ’ਤੇ ਹੋਣ ਕਾਰਨ ਸਕੂਲ ਵਿੱਚ ਇਕੱਠੇ ਵਿਦਿਆਰਥੀਆਂ ਨੂੰ ਕਿਸਾਨ ਆਗੂਆਂ ਨੇ ਖੁਦ ਬੈਠ ਕੇ ਪੜ੍ਹਨ ਲਈ ਪ੍ਰੇਰਿਆ ਅਤੇ 9 ਫਰਵਰੀ ਤੋਂ ਬਾਕਾਇਦਾ ਅਧਿਆਪਕਾਂ ਤੋਂ ਪੜ੍ਹਨ ਲਈ ਕਿਹਾ। ਬੀਕੇਯੂ ਡਕੌਂਦਾ ਦੇ ਸਮਸ਼ੇਰ ਸਿੰਘ ਈਸਾਪੁਰ, ਸੁਖਵਾਲ ਸਿੰਘ ਇਕਾਈ ਪ੍ਰਧਾਨ, ਜਗਰੂਪ ਸਿੰਘ, ਹਰਦੀਪ ਸਿੰਘ ਨੇ ਕਿਹਾ ਕਿ ਲੋੜ ਪੈਣ ’ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਚੌਥੇ ਦਿਨ ਲਗਾਤਾਰ ਧਰਨਾ ਜਾਰੀ
ਲਹਿਰਾਗਾਗਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾ ਦੇ ਪਿੰਡ ਸੇਖੂਵਾਸ ਪਿੰਡ ਇਕਾਈ ਵੱਲੋਂ ਸਰਕਾਰੀ ਸਕੂਲਾਂ ਨੂੰ ਮੁਕੰਮਲ ਖੁੱਲਵਾਉਣ ਲਈ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰੱਖਿਆ। ਪਿੰਡ ਇਕਾਈ ਦੇ ਪ੍ਰਧਾਨ ਜੱਸੀ ਸਿੰਘ ਅਤੇ ਖਜਾਨਚੀ ਬਿੰਦਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਵਲੋਂ ਦਿਤੇ ਪ੍ਰੋਗਰਾਮ ਤਹਿਤ 4 ਤੋਂ 10 ਫਰਵਰੀ ਤੱਕ ਸਕੂਲਾਂ ਵਿਚ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਪ੍ਰਾਇਮਰੀ ਸਕੂਲ ਨਹੀਂ ਖੋਲ੍ਹਦੀ ਨਾਅਰੇਬਾਜ਼ੀ ਤੇ ਧਰਨੇ ਜਾਰੀ ਰਹਿਣਗੇ। ਇਸ ਧਰਨੇ ਨੂੰ ਮੇਜਰ ਸਿੰਘ,ਬੰਤਦਾਸ,ਰਾਮ ਸਿੰਘ ਅਤੇ ਸਤਵੀਰ ਸਿੰਘ ਨੇ ਸੰਬੋਧਨ ਕੀਤਾ।