ਕਰਮਵੀਰ ਸੈਣੀ
ਮੂਨਕ, 25 ਅਗਸਤ
ਮੂਨਕ ਦੇ ਅਧੀਨ ਪੈਂਦੇ ਪਿੰਡ ਗੋਬਿੰਦਪੁਰਾ ਪਾਪੜਾ ਵਿੱਚ ਪਿੰਡ ਦੇ ਬਿਲਕੁਲ ਨਜ਼ਦੀਕ ਬਣੀ ਹੱਡਾ-ਰੋੜੀ ਦੇ ਕਾਰਨ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੱਡਾ ਰੋੜੀ ਦੀ ਬਦਬੂ ਨਾਲ ਲੱਗਦੇ ਘਰਾਂ ਵਿੱਚ ਫੈਲਦੀ ਹੈ ਤਾਂ ਲੋਕਾਂ ਦਾ ਖਾਣਾ-ਪੀਣਾ ਮੁਸ਼ਕਿਲ ਹੋ ਜਾਂਦਾ ਹੈ। ਦੂਜੇ ਪਾਸੇ ਇਸ ਬਦਬੂ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਲੋਕ ਪਹਿਲਾਂ ਹੀ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ। ਇਸ ਹੱਡਾ ਰੋੜੀ ਨੂੰ ਇੱਥੋਂ ਚੁਕਵਾ ਕੇ ਪਿੰਡ ਤੋਂ ਕਰੀਬ 2 ਕਿਲੋਮੀਟਰ ਦੂਰ ਬਣਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀ ਚਮਕੌਰ ਸਿੰਘ, ਅਜੈਬ ਸਿੰਘ, ਹਰਪਾਲ ਸਿੰਘ, ਜਸਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹੱਡਾਰੋੜੀ ਰੋਡ ਉੱਪਰ ਹੋਣ ਕਾਰਨ ਵੀ ਸਕੂਲੀ ਬੱਚੇ ਪੈਦਲ ਜਾਂ ਸਾਈਕਲ ’ਤੇ ਨਹੀਂ ਜਾ ਸਕਦੇ ਕਿਉਂਕਿ ਇੱਥੇ ਆਵਾਰਾ ਕੁੱਤੇ ਹਰ ਵੇਲੇ ਘੁੰਮਦੇ ਰਹਿੰਦੇ ਹਨ। ਪਿਛਲੇ ਸਮੇਂ ਦੌਰਾਨ ਇਹ ਆਵਾਰਾ ਕੁੱਤੇ ਕਈ ਲੋਕਾਂ ਦਾ ਜਾਨੀ ਨੁਕਸਾਨ ਕਰ ਚੁੱਕੇ ਹਨ। ਇਹ ਆਵਾਰਾ ਕੁੱਤੇ ਲੋਕਾਂ ਲਈ ਜਾਨ ਦਾ ਖੌਅ ਬਣ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਹੈ ਇਹ ਹੱਡਾ ਰੋੜੀ ਇੱਥੋਂ ਚੁੱਕ ਕੇ ਪਿੰਡ ਦੇ ਬਾਹਰ ਕਰੀਬ 2 ਕਿਲੋਮੀਟਰ ਦੇ ਫ਼ਾਸਲੇ ’ਤੇ ਬਣਾਈ ਜਾਵੇ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਾਇਬ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਕਿਸੇ ਨੇ ਵੀ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਦਾ, ਜੇਕਰ ਉਨ੍ਹਾਂ ਨੂੰ ਲਿਖਤੀ ਰੂਪ ਦੇਣਗੇ ਤਾਂ ਪੰਚਾਇਤ ਅਗਲੀ ਕਾਰਵਾਈ ਕਰੇਗੀ।