ਪੱਤਰ ਪ੍ਰੇਰਕ
ਮੂਨਕ, 8 ਫਰਵਰੀ
ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਘਰ-ਘਰ ਚੋਣ ਪ੍ਰਚਾਰ ਦੌਰਾਨ ਵੱਡਾ ਸ਼ਕਤੀ ਪ੍ਰਦਰਸ਼ਨ ਕਰਕੇ ਲਹਿਰਾ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਦਾ ਦਾਅਵਾ ਠੋਕਿਆ ਗਿਆ। ਮੂਨਕ ਦੇ ਬਾਜ਼ਾਰਾਂ ਅਤੇ ਵੱਖ-ਵੱਖ ਵਾਰਡਾਂ ਵਿੱਚ ਉਨ੍ਹਾਂ ਹਰੇਕ ਵੋਟਰ ਤੱਕ ਨਿੱਜੀ ਪਹੁੰਚ ਕਰਕੇ ਅਕਾਲੀ-ਬਸਪਾ ਦੇ ਏਜੰਡੇ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ ਅਕਾਲੀ-ਬਸਪਾ ਗੱਠਜੋੜ ਪੰਜਾਬ ਵਿੱਚ ਸਥਿਰ ਤੇ ਭਾਈਚਾਰਕ ਏਕਤਾ ਵਾਲੀ ਸਰਕਾਰ ਦੇਵੇਗਾ, ਜਿੱਥੇ ਵਿਕਾਸ ਦਾ ਨਵਾਂ ਯੁੱਗ ਆਰੰਭ ਹੋਵੇਗਾ। ਉਨ੍ਹਾਂ ਕਿਹਾ ਕਿ ਲਹਿਰਾ ਹਲਕੇ ਦੇ ਲੋਕਾਂ ਨਾਲ ਕਾਂਗਰਸ ਨੇ ਸਦਾ ਹੀ ਵਿਤਕਰਾ ਕੀਤਾ ਅਤੇ ਹਮੇਸ਼ਾਂ ਅਕਾਲੀ ਸਰਕਾਰ ਨੇ ਹੀ ਇਸ ਹਲਕੇ ਦੀ ਨੁਹਾਰ ਸੰਵਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਵਿਕਾਸ ਦੇ ਲਈ ਅਕਾਲੀ-ਬਸਪਾ ਸਰਕਾਰ ਵੱਡੇ ਬਹੁਮਤ ਨਾਲ ਜਿਤਾਉਣ ਦਾ ਮਨ ਬਣਾ ਚੁੱਕੇ ਹਨ, ਬੱਸ ਜਿੱਤ ਦਾ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਲਹਿਰਾ ਵਿਚ ਵੱਡੇ ਉਦਯੋਗ ਸਥਾਪਿਤ ਕੀਤੇ ਜਾਣਗੇ।
ਇਸ ਮੌਕੇ ਭਾਈ ਲੌਂਗੋਵਾਲ ਦੇ ਹੱਕ ’ਚ ਦਿੜ੍ਹਬਾ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਗੁਲਜ਼ਾਰੀ ਮੂਨਕ ਨੇ ਵੀ ਸ਼ਿਰਕਤ ਕੀਤੀ ਤੇ ਭਾਈ ਲੌਂਗੋਵਾਲ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਗਿਆਨੀ ਨਰਿੰਜਣ ਸਿੰਘ ਭੂਟਾਲ, ਜਥੇਦਾਰ ਸੰਪੂਰਨ ਸਿੰਘ ਸਲੇਮਗੜ੍ਹ, ਸ਼ਮਸ਼ੇਰ ਸਿੰਘ ਸ਼ੇਰਾ ਸਰਕਲ ਪ੍ਰਧਾਨ ਸ਼ਹਿਰੀ ਆਦਿ ਵੀ ਹਾਜ਼ਰ ਸਨ।
ਲੌਂਗੋਵਾਲ ਨੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਕੀਤਾ ਸੰਬੋਧਨ
ਲਹਿਰਾਗਾਗਾ: ਪੰਜਾਬ ਵਿਚ ਅਕਾਲੀ-ਬਸਪਾ ਸਰਕਾਰ ਬਣਨ ’ਤੇ ਸਰਕਾਰੀ ਸਕੂਲਾਂ ਵਿਚ ਪੜ੍ਹੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਵਿਚ 33 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹਣ ਲਈ ਉਤਸ਼ਾਹਿਤ ਮਾਹੌਲ ਤਿਆਰ ਕੀਤਾ ਜਾ ਸਕੇ।’ ਇਹ ਪ੍ਰਗਟਾਵਾ ਅੱਜ ਇੱਥੋਂ ਨੇੜਲੇ ਪਿੰਡ ਆਲਮਪੁਰ, ਅਲੀਸ਼ੇਰ, ਗੁਰਨਾ ਕਲਾਂ ਅਤੇ ਗੁਰਨੇ ਖੁਰਦ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ। ਇਸ ਮੌਕੇ ਗਿਆਨੀ ਨਰਿੰਜਣ ਸਿੰਘ ਭੂਟਾਲ, ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ ਹਾਜ਼ਰ ਸਨ। -ਪੱਤਰ ਪ੍ਰੇਰਕ