ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਸਤੰਬਰ
ਨੇੇੜਲੇ ਪਿੰਡ ਗੰਢੂਆਂ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰ ਭਗਵਾਨ ਸਿੰਘ ਮੂਨਕ ਅਤੇ ਸੁਖਚੈਨ ਸਿੰਘ ਚੰਗਾਲੀਵਾਲਾ ਦੀ ਅਗਵਾਈ ਵਿੱਚ ਘੱਟ ਜ਼ਮੀਨ ਵਾਲੇ ਕਿਸਾਨ ਅਤੇ ਖੇਤ ਮਜ਼ਦੂਰਾਂ ਨੇ ਪਿੰਡ ਵਿੱਚ ਮੁਜ਼ਾਹਰਾ ਕਰਕੇ ਸਹਿਕਾਰੀ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੇ ਬੇਆਬਾਦ ਜ਼ਮੀਨਾਂ ਨੂੰ ਵਾਹੀਯੋਗ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਖੇਤੀਬਾੜੀ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਪਰ ਅੱਜ ਤੱਕ ਪੇਂਡੂ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਸਹਿਕਾਰੀ ਸੁਸਾਇਟੀਆਂ ਵਿੱਚ ਬਣਦੀ ਹਿੱਸੇਦਾਰੀ ਨਹੀਂ ਦਿੱਤੀ ਗਈ। ਜਿਸ ਕਰਕੇ ਮਹਿੰਗਾਈ , ਬੇਰੁਜ਼ਗਾਰੀ ਅਤੇ ਲੋਕ ਮਾਰੂ ਖਤਰਨਾਕ ਨੀਤੀਆਂ ਨੂੰ ਮੌਕੇ ਦੀਆਂ ਸਰਕਾਰਾਂ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਖੇਤ ਮਜ਼ਦੂਰਾਂ ਸਿਰ ਸਰਕਾਰੀ ਗੈਰ ਸਰਕਾਰੀ ਅਤੇ ਮਾਈਕ੍ਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਭਾਰੀ ਪੈ ਗਏ ਹਨ ਉਨ੍ਹਾਂ ਮੰਗ ਕੀਤੀ ਕਿ ਪੇਂਡੂ ਖੇਤ ਮਜ਼ਦੂਰਾਂ ਨੂੰ ਲੋੜ ਅਨੁਸਾਰ ਸਸਤੇ ਵਿਆਜ ਤੇ ਲੰਮੀ ਮਿਆਦ ਦੇ ਸਰਕਾਰੀ ਬੈਂਕਾਂ ਅਤੇ ਸਹਿਕਾਰੀ ਸੁਸਾਇਟੀਆਂ ਰਾਹੀਂ ਕਾਪੀਆਂ ਬਣਾ ਕੇ ਕਰਜ਼ਿਆਂ ਦਾ ਪ੍ਰਬੰਧ ਕੀਤਾ ਜਾਵੇ । ਇਸ ਮੌਕੇ ਖੇਤੀਬਾੜੀ ਨੂੰ ਤਬਾਹ ਕਰਨ ਵਾਲੇ ਨਵੇਂ ਪਾਸ ਕੀਤੇ ਬਿੱਲਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਜੰਗੀਰ ਸਿੰਘ ਸੁੰਦਰੀ ਰਾਣੀ ਜਸਪਾਲ ਕੌਰ ਗੰਢੂਆਂ ਸਿੰਦਰ ਕੌਰ, ਕਿਰਨਜੀਤ ਰਾਣੀ ਫਤਿਹਗੜ੍ਹ, ਸਰਬਜੀਤ ਕੌਰ, ਜਸਵਿੰਦਰ ਕੌਰ ਹਰਿਆਊ, ਪਰਮਜੀਤ ਕੌਰ, ਵੀਰਪਾਲ, ਸਰੋਜ ਰਾਣੀ ਮੌਜੋਵਾਲ ਅਤੇ ਬੱਲਾ ਸਿੰਘ ਅਜੈਬ ਸਿੰਘ ਦੌਲੇ ਸਿੰਘ ਵਾਲਾ ਹਾਜ਼ਰ ਸਨ।