ਪੱਤਰ ਪ੍ਰੇਰਕ
ਲਹਿਰਾਗਾਗਾ, 24 ਅਗਸਤ
ਇਥੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਰੇਂਜ ਲਹਿਰਾਗਾਗਾ ਵੱਲੋਂ ਦੂਜੇ ਦਿਨ ਵਣ ਰੇਂਜ ਅਫ਼ਸਰ ਖ਼ਿਲਾਫ਼ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਧਰਨਾ ਰੇਂਜ ਅਫਸਰ ਵੱਲੋਂ ਵਰਕਰਾਂ ਨੂੰ ਪਿਛਲੇ ਅਪਰੈਲ, ਮਈ, ਜੂਨ ਦਾ ਬਜਟ ਆਉਣ ਦੇ ਬਾਵਜੂਦ ਵਰਕਰਾਂ ਨੂੰ ਤਨਖਾਹ ਨਾ ਦੇਣ ਵਿਰੁੱਧ ਲਾਇਆ ਗਿਆ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਜਸਵਿੰਦਰ ਗਾਗਾ ਨੇ ਕਿਹਾ ਕਿ 17 ਅਗਸਤ ਨੂੰ ਵਣ ਮੰਡਲ ਅਫ਼ਸਰ ਨਾਲ ਹੋਈ ਜਥੇਬੰਦੀ ਦੀ ਮੀਟਿੰਗ ’ਚ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਦੋ ਦਿਨਾਂ ਵਿੱਚ ਵਰਕਰਾਂ ਦੀਆਂ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ ਪਰ 7 ਦਿਨ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਤਨਖਾਹਾਂ ਤਾਂ ਕੀ ਦੇਣੀਆਂ ਸਨ ਸਗੋਂ ਕੋਈ ਵੀ ਅਧਿਕਾਰੀ ਦਫ਼ਤਰ ਹਾਜ਼ਰ ਨਹੀਂ ਹੋਇਆ। ਇਸ ਲਈ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧਰਨਾਕਾਰੀ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੰਗ ਪੱਤਰ ’ਚ ਦਰਜ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਰੇਂਜ ਦਫ਼ਤਰ ਅੱਗੇ ਧਰਨਾ ਜਾਰੀ ਰਹੇਗਾ।
ਧਰਨੇ ਨੂੰ ਸਤਨਾਮ ਸਿੰਘ, ਪ. ਸ. ਸ. ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਅਮਰੀਕ ਗੁਰਨੇ, ਦਰਸ਼ਨ ਲਹਿਰਾ, ਬਲਦੇਵ ਸਿੰਘ ਜਵਾਹਰਵਾਲਾ, ਅਜੈਬ ਸਿੰਘ, ਦਲਵਾਰਾ ਸਿੰਘ, ਸਤਵੀਰ ਸਿੰਘ, ਮਾਮੂ ਰਾਮ ਆਦਿ ਨੇ ਵੀ ਸੰਬੋਧਨ ਕੀਤਾ। ਉਧਰ, ਵਣ ਰੇਂਜ ਅਫਸਰ ਹਰਦਿਆਲ ਸਿੰਘ ਨੇ ਕਿਹਾ ਕਿ ਲਹਿਰਾਗਾਗਾ ਰੇਂਜ ਵਿੱਚ ਵਧੇਰੇ ਕੰਮ ਹੋਣ ਕਾਰਨ ਵਰਕਰਾਂ ਦੀ ਗਿਣਤੀ ਵਧ ਹੈ ਤੇ ਸਰਕਾਰ ਵੱਲੋਂ ਮਿਲਿਆ ਬੱਜਟ ਸਾਰੇ ਕਰਮਚਾਰੀਆਂ ਦੇ ਖਾਤੇ ਵਿੱਚ ਪਾ ਦਿੱਤਾ ਹੈ।