ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਅਗਸਤ
ਇੱਥੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਅੱਜ ਨਵੇਂ ਬੱਸ ਅੱਡੇ ਨੇੜੇ ਐੱਸਓਆਈ ਦੀ ਅਗਵਾਈ ਹੇਠ ਨੌਜਵਾਨਾਂ ਤੇ ਸੈਨੇਟ ਮੈਂਬਰਾਂ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਕਰਵਾਉਣ ਅਤੇ ਵਿਦਿਆਰਥੀ ਦਾਖਲੇ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਐੱਸਓਆਈ ਦੇ ਮਾਲਵਾ ਜ਼ੋਨ-4 ਦੇ ਪ੍ਰਧਾਨ ਅਮਨਦੀਪ ਸਿੰਘ ਮਾਨ, ਹਰਸ਼ਵੀਰ ਸਿੰਘ ਬਾਜਵਾ, ਵਰਿੰਦਰ ਸਿੰਘ, ਗੈਰੀ ਖੰਗੂੜਾ, ਗੁਰਪ੍ਰੀਤ ਸਿੰਘ ਘੁਮੰਡ ਸਿੰਘ ਵਾਲਾ, ਨਵੀ ਧਾਲੀਵਾਲ, ਦਲਜੀਤ ਬਾਲਦ, ਗੋਗਾ ਚਹਿਲ, ਹਰਵਿੰਦਰ ਬਿੰਦੀ, ਸੈਨੇਟ ਮੈਂਬਰ ਕਰਨੈਲ ਸਿੰਘ ਮਾਨ ਅਤੇ ਰਣਜੀਤ ਸਿੰਘ ਗੁੱਡੂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਚੰਗੇ ਵਿੱਦਿਅਕ ਮਾਹੌਲ ਅਤੇ ਯੋਗ ਸੁਧਾਰਾਂ ਲਈ ਸੈਨੇਟ ਚੋਣਾਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਚੁਣੇ ਗਏ ਨੁਮਾਇੰਦੇ ਵਿਦਿਆਰਥੀਆਂ ਅਤੇ ਪੜ੍ਹਾਈ ਸਬੰਧੀ ਮਸਲੇ ਯੂਨੀਵਰਸਿਟੀ ਅਥਾਰਟੀ ਨਾਲ ਮੀਟਿੰਗਾਂ ਦੌਰਾਨ ਵਿਚਾਰ ਚਰਚਾ ਕਰਕੇ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਪਰ ਯੂਨੀਵਰਸਿਟੀ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕਿਸਾਨਾਂ ਵਾਂਗ ਵਿਦਿਆਰਥੀਆਂ ’ਤੇ ਵੀ ਨਾਦਰਸ਼ਾਹੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ। ਨੌਜਵਾਨ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਅਧਿਕਾਰੀਆਂ ਦੀ ਇਸ ਧੱਕੇਸ਼ਾਹੀ ਖਿਲਾਫ ਵਿਦਿਆਰਥੀਆਂ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਰੋਸ ਸ਼ਹਿਰਾਂ ਅਤੇ ਕਸਬਿਆਂ ਤੱਕ ਫੈਲ ਗਿਆ ਹੈ। ਇਸ ਮੌਕੇ ਯੂਨੀਵਰਸਿਟੀ ਅਧਿਕਾਰੀਆਂ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।