ਪੱਤਰ ਪ੍ਰੇਰਕ
ਭਵਾਨੀਗੜ੍ਹ, 6 ਜੂਨ
ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਅੱਜ ਆਜ਼ਾਦ ਪੇਂਡੂ ਚੌਕੀਦਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸਤਗੁਰ ਸਿੰਘ ਮਾਝੀ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਪਾਲ ਸਿੰਘ ਅਰਨੋਂ ਮੀਤ ਪ੍ਰਧਾਨ, ਸੱਤਪਾਲ ਸਿੰਘ, ਲੱਡੂ ਸਿੰਘ ਸੁਨਾਮ, ਕੁਲਦੀਪ ਸਿੰਘ ਕੁਲਾਰ, ਅਜੈਬ ਸਿੰਘ ਧਰਮਗੜ੍ਹ, ਨਛੱਤਰ ਸਿੰਘ, ਪ੍ਰਕਾਸ਼ ਸਿੰਘ ਅਤੇ ਚਰਨ ਸਿੰਘ ਬੱਲਰੇ ਸਮੇਤ ਸਮੁੱਚੇ ਸੂਬਾਈ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਬੁਲਾਰਿਆਂ ਨੇ ਕਿਹਾ ਕਿ ਸਖਤ ਡਿਊਟੀ ਦੇ ਬਾਵਜੂਦ ਚੌਕੀਦਾਰਾਂ ਨੂੰ ਸਿਰਫ 1250 ਰੁਪਏ ਦਿੱਤੇ ਜਾਂਦੇ ਹਨ, ਜਦੋਂ ਕਿ ਹਰਿਆਣਾ ਵਿੱਚ 7000 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਉੁਨ੍ਹਾਂ ਕਿਹਾ ਕਿ ਸਰਕਾਰ ਅਤੇ ਲੋਕਾਂ ਦੇ ਵਿਚਕਾਰ ਚੌਕੀਦਾਰ ਇਕ ਕੜੀ ਵਜੋਂ ਕੰਮ ਕਰਦੇ ਹਨ, ਪਰ ਫਿਰ ਵੀ ਉਸ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਇਸ ਵਿਤਕਰੇ ਦੇ ਵਿਰੋਧ ਵਿੱਚ ਐਸੋਸੀਏਸ਼ਨ ਵੱਲੋਂ ਪਿਛਲੀ ਸਰਕਾਰ ਸਮੇਂ ਵੱਡੀ ਪੱਧਰ ’ਤੇ ਆਵਾਜ਼ ਉਠਾਈ ਗਈ ਸੀ। ਹੁਣ ਜਥੇਬੰਦੀ ਵੱਲੋਂ 10 ਜੂਨ ਨੂੰ ਬਨਾਸਰ ਬਾਗ ਸੰਗਰੂਰ ਵਿੱਚ ਇਕੱਠ ਕਰਨ ਮਗਰੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ।