ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 8 ਨਵੰਬਰ
ਵੱਡੀ ਗਿਣਤੀ ਵਿਚ ਇਕੱਤਰ ਹੋਏ ਨੌਜਵਾਨਾਂ ਵੱਲੋਂ ਇਥੇ ਆਈਟੀਆਈ ਚੌਕ ’ਚ ਧਰਨਾ ਦਿੱਤਾ ਗਿਆ। ਧਰਨਾਕਾਰੀ ਨੌਜਵਾਨ ਅਧੂਰੀ ਪਈ ਫੌਜ ਦੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਸਨ। ਧਰਨਾਕਾਰੀਆਂ ਵੱਲੋਂ ਇਸ ਸਬੰਧੀ ਸੁਨਾਮ ਦੇ ਐਸਡੀਐਮ ਨੂੰ ਇਕ ਮੰਗ ਪੱਤਰ ਦੇ ਕੇ ਉਨ੍ਹਾਂ ਦੀ ਗੱਲ ਕੇਂਦਰੀ ਰੱਖਿਆ ਮੰਤਰੀ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਵਿੰਦਰ ਔਲਖ ਨੇ ਮੰਗ ਕੀਤੀ ਕਿ 7 ਫਰਵਰੀ 2021 ਨੂੰ ਫੌਜ ਦੀ ਭਰਤੀ ਲਈ ਹੋਏ ਸਰੀਰਕ ਟੈਸਟ ਕਰੀਬ 3900 ਨੌਜਵਾਨਾਂ ਪਾਸ ਕਰ ਚੁੱਕੇ ਹਨ। ਉਸ ਨੇ ਦੱਸਿਆ ਕਿ ਇਹ ਨੌਜਵਾਨਾਂ ਦੀ ਹਾਲੇ ਤੱਕ ਲਿਖਤੀ ਪ੍ਰੀਖਿਆ ਨਹੀਂ ਲਈ ਗਈ। ਏਆਰਓ ਪਟਿਆਲਾ ਵਿਚ ਪਟਿਆਲਾ, ਮਾਨਸਾ, ਸੰਗਰੂਰ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦਾ ਲਿਖਤੀ ਪੇਪਰ 25 ਅਪਰੈਲ ਨੂੰ ਰੱਖਿਆ ਗਿਆ ਸੀ। ਪਰ ਫਿਰ 25 ਜੁਲਾਈ ਨੂੰ ਕਰ ਦਿੱਤਾ ਗਿਆ। ਪਰ ਹੁਣ ਕਰੋਨਾ ਦਾ ਬਹਾਨਾ ਬਣਾ ਕੇ ਅੱਗੇ ਦੀ ਅੱਗੇ ਕੀਤਾ ਜਾ ਰਿਹਾ ਹੈ। ਆਗੂ ਨੇ ਕਿਹਾ ਕਿ ਵਾਰ ਵਾਰ ਮੁਲਤਵੀ ਕੀਤੇ ਜਾਣ ਕਾਰਨ ਬਹੁਤ ਸਾਰੇ ਅਜਿਹੇ ਨੌਜਵਾਨ ਜੋ ਭਰਤੀ ਉਮਰ ਦੀ ਮਿਆਦ ਪੁਗਾ ਜਾਣਗੇ ਅਤੇ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ। ਇਸ ਮੌਕੇ ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪ੍ਰੀਖਿਆ ਜਾਲਦੀ ਤੋਂ ਜਲਦੀ ਲਈ ਜਾਵੇ ਅਤੇ ਮਿਆਦੀ ਉਮਰ ਦੀ ਪੁਗਾਉਣ ਜਾ ਰਹੇ ਨੌਜਵਾਨਾਂ ਨੂੰ 2 ਸਾਲ ਹੋਰ ਦਿਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਪ੍ਰੀਖਿਆ ਦੀ ਉਮੀਦ ਵਿਚ ਬੈਠੇ ਬੇਰੁਜ਼ਗ਼ਾਰ ਨੌਜਵਾਨਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਬੇਰੁਜ਼ਗ਼ਾਰੀ ਭੱਤਾ ਵੀ ਦਿਤਾ ਜਾਵੇ। ਆਈਟੀਆਈ ਚੌਕ ਵਿਚ ਧਰਨਾ ਦੇਣ ਤੋਂ ਬਾਅਦ ਨੌਜਵਾਨਾਂ ਦਾ ਕਾਫਲਾ ਐਸਡੀਐਮ ਦਫਤਰ ਵੱਲ ਨੂੰ ਰਵਾਨਾ ਹੋਇਆ ਅਤੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਐਸਡੀਐਮ ਨੂੰ ਸੌਂਪਿਆ।
ਨਾਭਾ (ਜੈਸਮੀਨ ਭਾਰਦਵਾਜ): ਇਥੋਂ ਦੇ ਬੌੜਾਂ ਗੇਟ ਚੌਕ ਤੋਂ ਐਸਡੀਐਮ ਦਫਤਰ ਤੱਕ ਨੌਜਵਾਨਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਨਾ ਕਰਾਉਣ ਪ੍ਰਤੀ ਨਾਰਾਜ਼ਗੀ ਜਤਾਈ। ਇਹ ਨੌਜਵਾਨ ਉਹ ਹਨ ਜਿਨ੍ਹਾਂ ਨੇ ਮੈਡੀਕਲ ਅਤੇ ਫਿਜ਼ੀਕਲ ਪ੍ਰੀਖਿਆ ਪਾਸ ਕੀਤੀ ਹੋਈ ਹੈ। ਨਾਭਾ ਦੇ ਵੱਖ ਵੱਖ ਪਿੰਡਾਂ ’ਚੋਂ ਆਉਂਦੇ ਇਨ੍ਹਾਂ ਨੌਜਵਾਨਾਂ ਨੇ ਆਰਮੀ ਭਰਤੀ ਬੋਰਡ ਲਈ ਐਸਡੀਐਮ ਰਾਹੀਂ ਮੰਗ ਪੱਤਰ ਭੇਜਿਆ ਅਤੇ ਲਿਖਤੀ ਪ੍ਰੀਖਿਆ ਕਰਾਉਣ ਦੀ ਮੰਗ ਕੀਤੀ। ਯਾਦਵਿੰਦਰ ਸਿੰਘ ਘਨੁੜਕੀ, ਗੁਰਵਿੰਦਰ ਸਿੰਘ ਆਦਿ ਲੜਕਿਆਂ ਨੇ ਦੱਸਿਆ ਕਿ ਇਹ ਪ੍ਰੀਖਿਆ ਅਪਰੈਲ ਮਹੀਨੇ ਹੋਣੀ ਸੀ ਪਰ ਉਸ ਪਿੱਛੋਂ ਇਹ ਦੋ ਵਾਰ ਮੁਲਤਵੀ ਹੋ ਚੁੱਕੀ ਹੈ ਅਤੇ ਉਨ੍ਹਾਂ ਕੋਲ ਰੁਜ਼ਗਾਰ ਦਾ ਕੋਈ ਹੋਰ ਵਸੀਲਾ ਨਾ ਹੋਣ ਕਾਰਨ ਉਹ ਆਪਣੀ ਵਧਦੀ ਉਮਰ ਦੇ ਦਬਾਅ ਹੇਠ ਮਾਨਸਿਕ ਪ੍ਰੇਸ਼ਾਨੀਆਂ ’ਚ ਘਿਰ ਰਹੇ ਹਨ।