ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 29 ਸਤੰਬਰ
ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ’ਤੇ ਅੱਜ ਬਿਜਲੀ ਬੋਰਡ ਦੇ ਗੇਟ ਮੂਹਰੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਸਰਕਲ ਪਟਿਆਲਾ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਰਾਠੌਰ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਸਤੰਬਰ 2022 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਡਿਵੀਜ਼ਨ ਰਾਜਪੁਰਾ ਦੇ ਸਕੱਤਰ ਅਰਵਿੰਦਰ ਸਿੰਘ, ਪੈਨਸ਼ਨ ਐਸੋਸੀਏਸ਼ਨ ਡਿਵੀਜ਼ਨ ਪਟਿਆਲਾ ਦੇ ਪ੍ਰਧਾਨ ਕਰਨੈਲ ਸਿੰਘ, ਡਿਵੀਜ਼ਨ ਰਾਜਪੁਰਾ ਦੇ ਸਕੱਤਰ ਸੁਨੀਲ ਕੁਮਾਰ, ਮਨਜੀਤ ਸਿੰਘ ਤੇ ਤਰਲੋਚਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਪਾਵਰ ਮੰਤਰਾਲੇ ਵੱਲੋਂ ਸਤੰਬਰ 2022 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਖ਼ਿਲਾਫ਼ ਮੁਲਾਜ਼ਮਾਂ ਤੇ ਖਪਤਕਾਰਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਵਿਰੋਧ ਕਾਰਨ ਕੇਂਦਰ ਸਰਕਾਰ ਨੂੰ ਬਿਜਲੀ ਸੋਧ ਬਿੱਲ 2020 ਸਥਾਈ ਸੰਸਦੀ ਕਮੇਟੀ ਪਾਸ ਭੇਜਣਾ ਪਿਆ, ਹੁਣ ਸਰਕਾਰ ਨੇ ਨਿੱਜੀਕਰਨ ਦੀ ਨੀਤੀ ਤਹਿਤ ਬਿਜਲੀ ਅਦਾਰਿਆਂ ਅੰਦਰ ਬਿਜਲੀ ਵੰਡ ਸਿਸਟਮ ਨਿੱਜੀ ਅਦਾਰਿਆਂ ਨੂੰ ਸੌਂਪਣ ਲਈ ਟੇਢੇ ਢੰਗ ਨਾਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਇਹ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਨਹੀਂ ਤਾਂ ਮੁਲਾਜ਼ਮ ਮਜ਼ਦੂਰ, ਕਿਸਾਨ ਅਤੇ ਮਿਹਨਤਕਸ਼ ਲੋਕ ਇਸ ਦਾ ਸਖਤ ਵਿਰੋਧ ਕਰਨਗੇ।
ਇਸ ਮੌਕੇ ਧਰਮਪਾਲ ਡਿਵੀਜ਼ਨ ਮੀਤ ਸਹਾਇਕ ਸਕੱਤਰ ਡਵੀਜਨ ਰਾਜਪੁਰਾ, ਦਵਿੰਦਰ ਕੁਮਾਰ ਸ਼ਰਮਾ ਮੀਤ ਪ੍ਰਧਾਨ, ਕੁਲਦੀਪ ਸਿੰਘ ਕੈਸ਼ੀਅਰ, ਸਵਰਨ ਸਿੰਘ ਪ੍ਰਧਾਨ ਫੋਕਲ ਪੁਆਇੰਟ, ਗਿਆਂਨ ਸਿੰਘ ਪ੍ਰਧਾਨ ਗੱਜੂ ਖੇੜਾ, ਸ਼ਮੀਰ ਕੰਬੋਜ ਤੇ ਨਿਸ਼ਾਨ ਸਿੰਘ ਸਕੱਤਰ ਸਿਟੀ ਰਾਜਪੁਰਾ ਹਾਜ਼ਰ ਸਨ।
ਬਿਜਲੀ ਕਾਮਿਆਂ ਵੱਲੋਂ ਪਾਵਰਕੌਮ ਦਫ਼ਤਰ ਅੱਗੇ ਨਾਅਰੇਬਾਜ਼ੀ
ਧੂਰੀ (ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ): ਪੀਐੱਸਈਬੀ ਐਂਪਲਾਇਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਧੂਰੀ ਵੱਲੋਂ ਮੰਡਲ ਪ੍ਰਧਾਨ ਹਰਬੰਸ ਦਾਸ ਬਾਵਾ ਦੀ ਅਗਵਾਈ ਹੇਠ ਪਾਵਰਕੌਮ ਦੇ ਸਥਾਨਕ ਮੰਡਲ ਦਫ਼ਤਰ ਅੱਗੇ ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ-2022 ਵਿਰੁੱਧ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਿਜਲੀ ਕਾਮਿਆਂ ਨੇ ਰੋਸ ਜ਼ਾਹਿਰ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਇਸ ਬਿਲ ਨੂੰ ਮੁਲਾਜ਼ਮ ਅਤੇ ਲੋਕ ਵਿਰੋਧੀ ਦੱਸਦਿਆਂ ਇਸ ਦੀ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ। ਇਸ ਮੌਕੇ ਉੱਪ ਮੰਡਲ ਭਲਵਾਨ ਦੇ ਪ੍ਰਧਾਨ ਗੁਰਦੇਵ ਸਿੰਘ ਜੇ.ਈ, ਉੱਪ ਮੰਡਲ ਸ਼ਹਿਰੀ ਦੇ ਪ੍ਰਧਾਨ ਜਗਰੂਪ ਸਿੰਘ ਲਾਇਨਮੈਨ ਅਤੇ ਸਾਬਕਾ ਡਿਵੀਜ਼ਨ ਪ੍ਰਧਾਨ ਅਮਰਜੀਤ ਸਿੰਘ ਅਮਨ ਹਾਜ਼ਰ ਸਨ।