ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਮਈ
ਪੇਂਂਡੂ ਤੇ ਸਹਿਰੀ ਵਿਕਾਸ ਸੁਸਾਇਟੀ ਦੇ ਪ੍ਰਧਾਨ ਦੀਪਕ ਜੈਨ ਨੇ ਦੱਸਿਆ ਕਿ ਪਿੰਡ ਲਹਿਲ ਕਲਾਂ ਤੋਂ ਜਵਾਹਰਵਾਲਾ ਲਿੰਕ ਰੋਡ ਉੱਤੇ ਸਥਿਤ ਡਰੇਨ/ਰਜਵਾਹੇ ਕੋਲ ਟੁੱਟਿਆ ਪੁਲ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਅੱਜ ਇਸ ਸਬੰਧੀ ਪਿੰਡ ਗੋਬਿੰਦਪੁਰਾ ਜਵਾਹਰਵਾਲਾ, ਬਖੋਰਾ, ਲੇਹਲ ਕਲਾਂ ਦੇ ਮਨਜੀਤ ਸਿੰਘ, ਇੰਦਰਜੀਤ ਸਿੰਘ ਗੁਰਪ੍ਰੀਤ ਸਿੰਘ, ਮੁਖਤਿਆਰ ਸਿੰਘ ਆਦਿ ਨੇ ਦੱਸਿਆ ਕਿ ਇਹ ਪੁਲ ਲੇਹਲ ਕਲਾਂ ਤੋਂ ਜਾਖਲ, ਜਵਾਹਰਵਾਲਾ, ਜਾਖਲ ਰੋਡ ਅਤੇ ਲੇਹਲ ਖੁਰਦ ਤੇ ਬਣੀਆਂ ਸੜਕਾਂ ਨੂੰ ਮਿਲਾਉਂਦਾ ਹੈ। ਇਸ ਸਥਾਨ ’ਤੇ ਗੁਦਾਮ ਵੀ ਹਨ। ਜਿਥੋਂ ਸਪੈਸ਼ਲ ਲੱਗਣ ਕਾਰਨ ਟਰੱਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਜਿੱਥੇ ਇਹ ਸਮੱਸਿਆ ਟਰੱਕਾਂ ਲਈ ਪੈਦਾ ਹੋਈ ਹੈ, ਉਥੇ ਹੀ ਨੇੜਲੇ ਪਿੰਡਾਂ ਵਾਲਿਆਂ ਤੋਂ ਇਲਾਵਾ ਖੇਤਾਂ ਨੂੰ ਜਾਣ ਵਾਲੇ ਵੀ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਭਾਰੀ ਟਰੱਕਾਂ ਕਾਰਨ ਇਹ ਪੁਲ ਟੁੱਟਿਆ ਹੈ। ਹੁਣ ਇਨ੍ਹਾਂ ਨੇ ਸਕੂਲੀ ਵੈਨਾਂ, ਹਰੇ ਚਾਰੇ ਵਾਲੇ, ਰੇੜ੍ਹੇ, ਟਰੈਕਟਰ ਟਰਾਲੀਆਂ ਸਭ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੈ। ਇਸ ਪੁਲ ਦੇ ਟੁੱਟ ਜਾਣ ਕਾਰਨ ਕਾਫੀ ਪਿੰਡਾਂ ਦਾ ਰਾਬਤਾ ਆਪਸ ਵਿੱਚ ਟੁੱਟ ਗਿਆ ਹੈ। ਇਕੱਠੇ ਹੋ ਕੇ ਪਿੰਡ ਵਾਸੀਆਂ ਨੇ ਟਰੱਕਾਂ ਨੂੰ ਘੇਰਦਿਆਂ ਇਸ ਰਸਤੇ ਰਾਹੀਂ ਜਾਣੋਂ ਰੋਕਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਬਾਰੇ ਗੁਰੂ ਤੇਗ ਬਹਾਦਰ ਗੁਦਾਮ ’ਚੋਂ ਸਪੈਸ਼ਲ ਭਰਾਉਣ ਵਾਲੇ ਠੇਕੇਦਾਰ ਸੁਲਤਾਨ ਸਿੰਘ ਨੇ ਦੱਸਿਆ ਕਿ ਪੁਲ ਅਤਿ ਭੀੜਾ ਹੈ ਜਿਸ ਕਾਰਨ ਕਈ ਵਾਰ ਕਾਰਾਂ ਵੀ ਥੱਲੇ ਚਲਦੀ ਡੂੰਘੀ ਡਰੇਨ ਵਿਚ ਡਿੱਗ ਚੁੱਕੀਆਂ ਹਨ। ਹੁਣ ਇਹ ਪੁਲ ਟੁੱਟ ਜਾਣ ਕਾਰਨ ਸਪੈਸ਼ਲ ਭਰਨ ਵਿੱਚ ਦਿੱਕਤ ਆ ਰਹੀ ਹੈ। ਸੁਸਾਇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਪਿੰਡ ਲੇਹਲ ਕਲਾਂ, ਰਾਮਪੁਰਾ , ਗੋਬਿੰਦਪੁਰਾ ਜਵਾਹਰਵਾਲਾ ਵਾਸੀ, ਠੇਕੇਦਾਰ ਅਤੇ ਟਰੱਕ ਯੂਨੀਅਨ ਨੇ ਮੰਗ ਕੀਤੀ ਹੈ ਕਿ ਇਹ ਪੁਲ ਨਵੇਂ ਸਿਰੇ ਤੋਂ ਅਠਾਰਾਂ ਫੁੱਟ ਚੌੜਾ ਬਣਾਇਆ ਜਾਵੇ। ਇਸ ਬਾਰੇ ਪੀ ਡਬਲਿਊ ਡੀ ਵਿਭਾਗ ਦੇ ਐਸਡੀਓ ਹਰਸ਼ ਗੋਇਲ ਨੇ ਦੱਸਿਆ ਕਿ ਇਸ ਪੁਲ ਬਾਰੇ ਨਹਿਰੀ ਵਿਭਾਗ ਨੂੰ ਲਿਖਿਆ ਜਾ ਚੁੱਕਿਆ ਹੈ।