ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਨਵੰਬਰ
ਆਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵੱਲੋਂ ਬੈਂਕਾਂ ਵਿੱਚ ਹੋ ਰਹੀ ਖੱਜਲ ਖੁਆਰੀ ਦੇ ਵਿਰੁੱਧ ਇੱਥੇ ਐੱਸਡੀਐੱਮ ਕੰਪਲੈਕਸ ’ਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਬੈਂਕਾਂ ਵਿੱਚ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ।
ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਸਰਮਾ, ਪ੍ਰਧਾਨ ਅਰਜਨ ਸਿੰਘ, ਜਨਰਲ ਸਕੱਤਰ ਬਿੱਕਰ ਸਿੰਘ ਸਬਿੀਆ ਤੇ ਪ੍ਰੈੱਸ ਸਕੱਤਰ ਸੀਤਾ ਰਾਮ ਸ਼ਰਮਾ ਨੇ ਕਿਹਾ ਕਿ ਬੈਂਕਾਂ ਵਿੱਚ ਪੈਨਸ਼ਨਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕਾਂ ਵਿੱਚ ਅਨਪੜ੍ਹ/ਸਿਹਤ ਤੋਂ ਕਮਜ਼ੋਰ ਅਤੇ ਨਿਗ੍ਹਾ ਦੀ ਕਮਜ਼ੋਰੀ ਆਦਿ ਵਾਲੇ ਪੈਨਸ਼ਨਰਾਂ ਨੂੰ ਸਹਾਇਤਾ ਵਜੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਰਕੇ ਉਨ੍ਹਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਟ ਬੈਂਕ ਆਫ ਇੰਡੀਆ ਵੱਲੋਂ ਲਾਈਫ ਸਰਟੀਫਿਕੇਟ ਦੇਣ ਸਮੇਂ ਫਾਰਮ ਉੱਪਰ ਦੋ ਹੋਰ ਪੈਨਸ਼ਨਰਾਂ ਦੀ ਗਵਾਹੀ ਕਰਵਾਉਣ ਦੀ ਲਗਾਈ ਸ਼ਰਤ ਕਾਰਨ ਪੈਨਸ਼ਨਰਾਂ ਨੂੰ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ। ਬੈਂਕ ਦੀ ਇਸ ਬੇਲੋੜੀ ਅਤੇ ਬੇਤੁਕੀ ਸ਼ਰਤ ਕਾਰਨ ਪੈਨਸ਼ਨਰਾਂ ਨੂੰ ਗਵਾਹੀ ਪਵਾਉਣ ਲਈ ਘਰ-ਘਰ ਜਾਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਬੈਂਕਾਂ ਵਿੱਚ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਨੂੰ ਬੇਲੋੜੇ ਇਤਰਾਜ਼ ਲਾ ਕੇ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਬੈਂਕਾਂ ਵਿੱਚ ਉਨ੍ਹਾਂ ਦੇ ਫਾਰਮ ਭਰਨ ਲਈ ਉਨ੍ਹਾਂ ਦੇ ਬੈਠਣ ਦਾ ਉਚਿਤ ਪ੍ਰਬੰਧ ਅਤੇ ਪੂਰਾ ਸਤਿਕਾਰ ਦੇਣ ਅਤੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਲਈ ਵੱਖਰੇ ਕਾਊਂਟਰ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬੈਂਕਾਂ ਵੱਲੋਂ ਇੱਕ ਹਫ਼ਤੇ ਅੰਦਰ ਪੂਰਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ 8 ਨਵੰਬਰ ਨੂੰ ਐਸੋਸੀਏਸ਼ਨ ਵੱਲੋਂ ਬੈਂਕਾਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਵਫ਼ਦ ਵੱਲੋਂ ਇੱਕ ਮੈਮੋਰੰਡਮ ਲੀਡ ਬੈਂਕ ਦੇ ਮੈਨੇਜਰ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਦੇ ਕੇ ਮੰਗ ਕੀਤੀ ਗਈ ਕਿ ਇਨ੍ਹਾਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਬਾਲੀਆਂ, ਮੇਲਾ ਸਿੰਘ ਪੁੰਨਾਂਵਾਲ, ਜੈ ਸਿੰਘ, ਜਗਦੇਵ ਸਿੰਘ, ਤਾਰਾ ਸਿੰਘ, ਦਰਸ਼ਨ ਸਿੰਘ, ਭੀਮ ਸੈਨ, ਕੌਸ਼ਲ ਸ਼ਰਮਾ, ਰਾਮ ਲਾਲ ਸ਼ਰਮਾ, ਕੁਲਵੰਤ ਸਿੰਘ, ਸਤਨਾਮ ਸਿੰਘ ਬਾਜਵਾ, ਹਵਾ ਸਿੰਘ, ਹਰਭਗਵਾਨ ਸਿੰਘ ਤੇ ਪਵਨ ਕੁਮਾਰ ਸ਼ਰਮਾ ਆਦਿ ਮੌਜੂਦ ਸਨ।