ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਜੁਲਾਈ
ਇਥੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਵਣ ਰੇਂਜ ਅਫ਼ਸਰ ਲਹਿਰਾਗਾਗਾ ਦੇ ਦਫ਼ਤਰ ਅੱਗੇ ਆਪਣੀ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਵਿਭਾਗ ਦੇ ਕਰਮਚਾਰੀਆਂ ਦੀ ਮੰਗਾਂ ਨੂੰ ਨਾ ਮੰਨਣ ਕਰਕੇ ਪੰਜਾਬ ਦੇ ਮੁੱਖ ਪਾਲ ਮੁਹਾਲੀ ਦੇ ਦਫ਼ਤਰ ਅੱਗੇ 10 ਜੁਲਾਈ ਨੂੰ ਰੈਲੀ ਕਰਨ ਦਾ ਫੈਸਲੇ ਦਾ ਸਵਾਗਤ ਕਰਦਿਆਂ ਸਮੂਹ ਕਰਮਚਾਰੀਆਂ ਨੂੰ ਸਮਾਜਿਕ ਦੂਰੀ ਦਾ ਫਾਸਲਾ ਰੱਖਦਿਆਂ ਇਸ ਰੈਲੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗਾਗਾ ਨੇ ਦੱਸਿਆ ਕਿ ਵਿਭਾਗ ’ਚ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਰੇਂਜ ਪੱਧਰ ’ਤੇ ਧਰਨੇ ਲਾਕੇ ਮੰਗ ਪੱਤਰ ਭੇਜੇ ਸਨ ਅਤੇ 11 ਜੂਨ ਨੂੰ ਪੰਜਾਬ ਦੇ ਵਣਮੰਡਲ ਦਫ਼ਤਰਾਂ ਅੱਗੇ ਰੋਸ ਰੈਲੀਆਂ ਕਰਕੇ ਮੰਗ ਪੱਤਰ ਭੇਜੇ ਸਨ ਪਰ ਮੰਗਾਂ ਦਾ ਨਿਪਟਾਰਾ ਨਾ ਹੋਣ ਅਤੇ ਨਾ ਹੀ ਜਥੇਬੰਦੀ ਨੂੰ ਮੀਟਿੰਗ ਕਰਨ ਦਾ ਸਮਾਂ ਦੇਣ ਖ਼ਿਲਾਫ਼ ਕਰਮਚਾਰੀਆਂ ’ਚ ਬੇਚੈਨੀ ਹੈ, ਜਿਸ ਕਰਕੇ ਜਥੇਬੰਦੀ ਨੇ ਸੂਬਾ ਪ੍ਰਧਾਨ ਅਮਰੀਕ ਸਿੰਘ ਅਤੇ ਸੂਬਾ ਸਕੱਤਰ ਜਸਵੀਰ ਸਿੰਘ ਸੀਰਾ ਦੀ ਅਗਵਾਈ ਹੇਠ 10 ਜੁਲਾਈ ਨੂੰ ਵਣ ਭਵਨ ਦਫ਼ਤਰ ਮੋਹਾਲੀ ਵਿੱਚ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਰੋਸ ਰੈਲੀ ਦੀ ਸਫਲਤਾ ਲਈ ਵੱਖ ਵੱਖ ਰੇਂਜਾਂ ’ਚ ਕਰਮਚਾਰੀਆਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ।