ਨਿਜੀ ਪੱਤਰ ਪ੍ਰੇਰਕ
ਸੰਗਰੂਰ, 2 ਜੂਨ
ਕਰੀਬ ਸਵਾ ਮਹੀਨਾ ਪਹਿਲਾਂ ਸਥਾਨਕ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਬੀਬੀਐਮਬੀ ਦੇ ਗਰਿੱਡ ਵਿਚ ਡਿਊਟੀ ਦੌਰਾਨ ਕੰਮ ਕਰਦਿਆਂ ਕਰੰਟ ਲੱਗਣ ਕਾਰਨ ਬੁਰੀ ਤਰਾਂ ਝੁਲਸੇ ਠੇਕਾ ਆਧਾਰ ਲਾਈਨਮੈਨ ਦੀ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਮਗਰੋਂ ਬੀਬੀਐਮਬੀ ਦੇ ਮੁਲਾਜ਼ਮਾਂ ਵਲੋਂ ਇਥੇ ਉਭਾਵਾਲ ਰੋਡ ਸਥਿਤ ਬੀਬੀਐਮਬੀ ਅੱਗੇ ਮ੍ਰਿਤਕ ਲਾਈਨਮੈਨ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਮੁਲਾਜ਼ਮ ਮ੍ਰਿਤਕ ਦੇ ਪੀੜ੍ਹਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ, 25 ਲੱਖ ਰੁਪਏ ਮੁਆਵਜ਼ਾ ਅਤੇ ਇਲਾਜ ਦੌਰਾਨ ਖਰਚ ਹੋਏ ਸੱਤ ਲੱਖ ਰੁਪਏ ਦੇਣ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਬੀਬੀਐਮਬੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬੀਬੀਐਮਬੀ ਸੰਗਰੂਰ ਸੈਂਟਰ ਵਿਚ ਬੀਤੀ 26 ਅਪਰੈਲ ਨੂੰ ਗਰਿੱਡ ਵਿਚ ਬਿਜਲੀ ਦੀ ਮੁਰੰਮਤ ਕਰਦਿਆਂ ਠੇਕਾ ਆਧਾਰ ਲਾਈਨਮੈਨ ਰਾਮ ਸੁੱਖ ਪੁਤਰ ਸ੍ਰੀ ਜੈ ਲਾਲ ਵਾਸੀ ਖੁੱਡੀ ਕਲਾਂ ਨੂੰ ਬਿਜਲੀ ਦਾ ਕਰੰਟ ਲੱਗਿਆ ਸੀ ਜਿਸ ਮਗਰੋਂ ਉਸ ਦਾ ਸੀਐਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਰਾਮ ਸੁੱਖ ਦੀ ਲੰਘੇ ਕੱਲ੍ਹ ਮੌਤ ਹੋ ਗਈ।