ਮਹਿੰਦਰ ਕੌਰ ਮੰਨੂ
ਸੰਗਰੂਰ, 9 ਸਤੰਬਰ
ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਤੇ ਸੱਦੇ ’ਤੇ ਪੰਜ ਰੋਜ਼ਾ ਰੋਸ ਸਪਤਾਹ ਮਨਾਉਂਦੇ ਹੋਏ ਤਹਿਸੀਲ ਕੰਪਲੈਕਸ ਵਿੱਚ ਗੌਰਮਿੰਟ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਿਟ ਸਿਆਪਾ ਕੀਤਾ ਗਿਆ| ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਾਂ ਦੀ ਵਿਸ਼ਾਲ ਹੱਲਾ ਬੋਲ ਰੈਲੀ ਕੀਤੀ ਜਾਵੇਗੀ, ਉਪਰੰਤ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਰੋਸ ਮਾਰਚ ਕੀਤਾ ਜਾਵੇਗਾ|
ਸਟੇਟ ਪੈਨਸ਼ਨਰਜ਼ ਕਨਫ਼ੈਡਰੇਸ਼ਨ ਦੇ ਸੂਬਾਈ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਰਕਾਰ ਘੱਟੋ ਘੱਟ ਲਾਭ 15 ਅਤੇ 113 ਪ੍ਰਤੀਸ਼ਤ ਮਹਿੰਗਾਈ ਭੱਤੇ ’ਤੇ ਦੇ ਕੇ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ, ਜਦੋਂ ਕਿ ਇਕ ਜਨਵਰੀ 2016 ਨੂੰ 125 ਪ੍ਰਤੀਸ਼ਤ ਮੁਲਾਜ਼ਮਾਂ ਅਤੇ ਪੈਨਸ਼ਨਸ਼ਰਾਂ ਦਾ ਮਹਿੰਗਾਈ ਭੱਤਾ ਬਣਦਾ ਹੈ| ਆਗੂ ਨੇ ਮੰਗ ਕਰਦਿਆਂ ਕਿਹਾ ਕਿ 125 ਪ੍ਰਤੀਸ਼ਤ ਮਹਿੰਗਾਈ ਭੱਤੇ ’ਤੇ ਘੱਟੋ ਘੱਟ 20 ਪ੍ਰਤੀਸ਼ਤ ਲਾਭ ਦਿੱਤਾ ਜਾਵੇ ਅਤੇ ਇਸ ਤੋਂ ਇਲਾਵਾ ਪੈਨਸ਼ਨਰਾਂ ਦਾ ਸੋਧਿਆ ਹੋਇਆ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ|
ਜਰਨੈਲ ਸਿੰਘ ਲੁਬਾਣਾ, ਨਸੀਬ ਚੰਦ ਸ਼ਰਮਾ, ਪ੍ਰਿੰਸੀਪਲ ਹਰਵਿੰਦਰ ਸਿੰਘ ਭੱਠਲ, ਜਸਵੀਰ ਸਿੰਘ, ਓ.ਪੀ.ਖਿੱਪਲ, ਗੁਰਦੇਵ ਸਿੰਘ, ਰਾਮ ਸਿੰਘ ਮਹਿਮੀ ਅਤੇ ਬਲਦੇਵ ਰਾਜ ਮਦਾਨ ਨੇ ਮੰਤਰੀ ਮੰਡਲ ਦੇ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਫ਼ੈਸਲੇ ਦੀ ਨਿਖੇਧੀ ਕੀਤੀ| ਆਗੂਆਂ ਨੇ ਨੇ ਦੱਸਿਆ ਕਿ 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੀ ਰੈਲੀ ਲਾਮਿਸਾਲ ਹੋਵੇਗੀ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ|
ਪੰਜਾਬ ਪੁਲੀਸ ਪੈਨਸ਼ਨਰਾਂ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ
ਲਹਿਰਾਗਾਗਾ(ਪੱਤਰ ਪ੍ਰੇਰਕ): ਪੰਜਾਬ ਪੁਲੀਸ ਪੈਨਸ਼ਨਰਜ਼ ਸਬ ਡਿਵੀਜ਼ਨ ਲਹਿਰਾਗਾਗਾ ਦੇ ਮੁਲਾਜ਼ਮਾਂ ਦੇ ਵਫ਼ਦ ਨੇ ਅੱਜ ਐੱਸਐੱਸਪੀ ਸਵੱਪਨ ਸ਼ਰਮਾ ਨੂੰ ਮਿਲ ਕੇ ਸੇਵਾਮੁਕਤ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਐੱਸਐੱਸਪੀ ਨੇ ਵਫ਼ਦ ਦੀਆਂ ਜਾਇਜ਼ ਮੰਗਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਕਿਸੇ ਵੀ ਸੇਵਾਮੁਕਤ ਮੁਲਾਜ਼ਮ ਨੂੰ ਕੋਈ ਮੁਸ਼ਕਲ ਨਾ ਆਏ। ਇਸ ਮੌਕੇ ਰਿਟਾਇਰ ਇੰਸਪੈਕਟਰ ਇੰਦਰਜੀਤ ਸਿੰਘ, ਸੁਖਦੇਵ ਸਿੰਘ, ਅਜੈਬ ਸਿੰਘ, ਜਸਵੰਤ ਸਿੰਘ, ਮਿੱਠੂ ਸ਼ਰਮਾ, ਕਾਕਾ ਸਿੰਘ, ਦੇਸ ਰਾਜ, ਸਬ ਡਿਵੀਜ਼ਨ ਪ੍ਰਧਾਨ ਗੁਰਮੇਲ ਸਿੰਘ ਘੋੜੇਨਬ ਹਾਜ਼ਰ ਸਨ।