ਮੁਕੰਦ ਸਿੰਘ ਚੀਮਾ
ਸੰਦੌੜ, 20 ਫਰਵਰੀ
ਮਾਲੇਰਕੋਟਲਾ ਹਲਕੇ ਅਧੀਨ ਪੈਂਦੇ ਸੰਦੌੜ ਸਮੇਤ ਆਸ ਪਾਸ ਦੇ ਪਿੰਡਾਂ ਵਿੱਚ ਵੋਟਾਂ ਦਾ ਅਮਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ। ਇਸ ਹਲਕੇ ਦੇ ਪਿੰਡਾਂ ਵਿੱਚ 65 ਤੋਂ 70 ਫੀਸਦੀ ਦੇ ਕਰੀਬ ਪੋਲਿੰਗ ਹੋਈ। ਸੰਦੌੜ ਸਰਕਲ ਦੇ ਕਈ ਪਿੰਡਾਂ ਵਿੱਚ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੱਖ ਵੱਖ ਪਾਰਟੀਆਂ ਦੇ ਪੋਲਿੰਗ ਬੂਥ ਲਗਾਉਣ ਦੀ ਬਜਾਏ ਸਾਂਝਾ ਬੂਥ ਲਗਾ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਵਿਧਾਨ ਸਭਾ ਹਲਕਾ ਸਨੌਰ ਵਿੱਚ ਵੋਟਾਂ ਅਮਨ-ਅਮਾਨ ਨਾਲ ਸਿਰੇ ਚੜ੍ਹੀਆਂ। ਸਵੇਰ 8 ਵਜੇ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਵੱਖ ਵੱਖ ਪਿੰਡਾਂ ਵਿੱਚ ਆਪਸੀ ਭਾਈਚਾਰਾ ਕਾਇਮ ਰੱਖਦਿਆਂ ਜ਼ਿਆਦਾਤਰ ਥਾਵਾਂ ’ਤੇ ਸਾਂਝੀ ਜਗ੍ਹਾ ਉੱਤੇ ਪੋਲਿਗ ਬੂਥ ਲਾਏ ਗਏ। ਹਰਮੀਤ ਸਿੰਘ ਪਠਾਨਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਹੈਰੀਮਾਨ, ਬੂਟਾ ਸਿੰਘ ਸ਼ਾਦੀਪੁਰ ਤੋਂ ਇਲਾਵਾ ਹਲਕੇ ’ਚ ਖੜੇ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਵਲੋਂ ਵੀ ਵੱਖ ਵੱਖ ਪੋਲਿੰਗ ਥਾਵਾਂ ’ਤੇ ਜਾ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਹਲਕੇ ਵਿੱਚ 70 ਫੀਸਦੀ ਦੇ ਲਗਭਗ ਵੋਟਾਂ ਪੋਲ ਹੋਈਆਂ। ਇਸ ਦੌਰਾਨ ਕਿਤੇ ਵੀ ਕੋਈ ਮਸ਼ੀਨਾਂ ਦੇ ਖਰਾਬ ਹੋਣ ਜਾਂ ਲੜਾਈ ਝਗੜੇ ਦੀ ਕੋਈ ਘਟਨਾ ਨਹੀਂ ਵਾਪਰੀ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਵਿਧਾਨ ਸਭਾ ਹਲਕਾ ਮਾਲੇਰਕੋਟਲਾ ‘ਚ ਅੱਜ ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ। ਸਵੇਰੇ 9 ਵਜੇ ਤੱਕ 9.8 ਫੀਸਦੀ, 11 ਵਜੇ ਤੱਕ 21.7 ਫੀਸਦ ,ਦੁਪਹਿਰ ਬਾਅਦ ਇੱਕ ਵਜੇ ਤੱਕ 39.3 ਫ਼ੀਸਦ , ਤਿੰਨ ਵਜੇ ਤੱਕ 56.8 ਫ਼ੀਸਦ ਅਤੇ ਛੇ ਵਜੇ ਤੱਕ 72.80 ਫ਼ੀਸਦ ਵੋਟਾਂ ਪੋਲ ਹੋਈਆਂ ਹਨ।
ਧੂਰੀ (ਪਵਨ ਕੁਮਾਰ ਵਰਮਾ): ਵਿਧਾਨ ਸਭਾ ਹਲਕਾ ਧੂਰੀ ਵਿੱਚ 68 ਫੀਸਦੀ ਪੋਲਿੰਗ ਹੋਈ। ਇਸ ਹਲਕੇ ਤੋਂ 12 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਅਮਰਗੜ੍ਹ (ਰਾਜਿੰਦਰ ਜੈਦਕਾ): ਹਲਕਾ ਅਮਰਗੜ੍ਹ ਵਿੱਚ ਪੋਲਿੰਗ 72.88 ਪ੍ਰਤੀਸ਼ਤ ਰਹੀ। ਸਵੇਰੇ 8 ਵਜੇ ਤੋਂ ਹੀ ਪੋਲਿੰਗ ਸਟੇਸ਼ਨਾਂ ’ਤੇ ਲੋਕ ਪੁੱਜਣੇ ਸ਼ੁਰੂ ਹੋ ਗਏ ਸਨ। ਸਵੇਰੇ 9 ਵਜੇ 6.29 ਪ੍ਰਤੀਸ਼ਤ, 11 ਵਜੇ 22.42 ਪ੍ਰਤੀਸ਼ਤ, ਦੁਪਿਹ 1 ਵਜੇ 40.25 ਪ੍ਰਤੀਸ਼ਤ, 3 ਵਜੇ 57.33 ਪ੍ਰਤੀਸ਼ਤ ਤੇ 6 ਵਜੇ 72.88 ਪ੍ਰਤੀਸ਼ਤ ਵੋਟਿੰਗ ਰਹੀ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਪੈਂਦੇ ਭਵਾਨੀਗੜ੍ਹ ਸ਼ਹਿਰ ਅਤੇ ਬਲਾਕ ਦੇ ਪਿੰਡਾਂ ਵਿੱਚ 75 ਫੀਸਦੀ ਵੋਟਾਂ ਪੋਲ ਹੋਈਆਂ। ਇੱਥੇ ਸ਼ਹਿਰ ਦੇ ਵੱਖ ਵੱਖ ਪੋਲਿੰਗ ਬੂਥਾਂ ’ਤੇ 71 ਫੀਸਦੀ ਵੋਟਾਂ ਪੋਲ ਹੋਈਆਂ ਹਨ ਅਤੇ ਭਵਾਨੀਗੜ੍ਹ ਬਲਾਕ ਦੇ ਪਿੰਡਾਂ ਵਿੱਚ 80 ਫੀਸਦੀ ਵੋਟਾਂ ਪੋਲ ਹੋਈਆਂ ਹਨ। ਕਈ ਪਿੰਡਾਂ ਵਿੱਚ 85 ਫੀਸਦੀ ਤੋਂ ਵੀ ਵੱਧ ਵੋਟਾਂ ਪਈਆਂ।
ਲੌਂਗੋਵਾਲ (ਜਗਤਾਰ ਸਿੰਘ ਨਹਿਲ): ਵਿਧਾਨ ਸਭਾ ਹਲਕਾ ਸੁਨਾਮ ਅਧੀਨ ਪੈਂਦੇ ਕਸਬਾ ਲੌਂਗੋਵਾਲ ਅਤੇ ਨੇੜਲੇ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਅਮਲ ਅਮਨ-ਸ਼ਾਂਤੀ ਨਾਲ ਨਿੱਬੜ ਗਿਆ। ਲੌਂਗੋਵਾਲ ਇਲਾਕੇ ਵਿੱਚ ਸ਼ਾਮ ਤੱਕ 70 ਫ਼ੀਸਦੀ ਤੋਂ ਵਧੇਰੇ ਮਤਦਾਨ ਹੋਇਆ। ਇਸ ਖੇਤਰ ਵਿੱਚ ਇੱਕਾ-ਦੁੱਕਾ ਥਾਵਾਂ ’ਤੇ ਆਪਸੀ ਤਕਰਾਰ ਤੋਂ ਬਿਨਾਂ ਸਾਰੀਆਂ ਥਾਵਾਂ ’ਤੇ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਸਾਹਮਣੇ ਨਹੀਂ ਆਈ।
ਇੱਥੋਂ ਦੇ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੂਥ ਨੰਬਰ 58 ਵਿੱਚ ਮਸ਼ੀਨ ਵਿੱਚ ਖ਼ਰਾਬੀ ਆ ਜਾਣ ਕਾਰਨ ਵੋਟਾਂ ਪਾਏ ਜਾਣ ਦਾ ਕਾਰਜ ਤਕਰੀਬਨ ਅੱਧਾ ਕੁ ਘੰਟਾ ਪਛੜ ਕੇ ਸ਼ੁਰੂ ਹੋ ਸਕਿਆ। ਪਿੰਡ ਤੀਕਪੁਰ ਦੇ ਵਾਸੀਆਂ ਨੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕਰਦਿਆਂ ਕਿਸੇ ਵੀ ਰਾਜਨੀਤਕ ਪਾਰਟੀ ਦਾ ਪੋਲਿੰਗ ਬੂਥ ਨਹੀਂ ਲਾਇਆ।
ਸਮਾਣਾ (ਅਸ਼ਵਨੀ ਗਰਗ): ਵਿਧਾਨ ਸਭਾ ਹਲਕਾ ਸਮਾਣਾ ਵਿੱਚ ਅੱਜ ਮਤਦਾਨ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈ। ਹਲਕੇ ਦੇ ਕਰੀਬ 70 ਫੀਸਦੀ ਲੋਕਾਂ ਵੱਲੋਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਹਲਕੇ ਤੋਂ ਪ੍ਰਮੁੱਖ ਪਾਰਟੀ ਦੇ ਨਾਲ ਨਾਲ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਸ਼ਹਿਰ ਦੇ ਬੂਥ ਨੰਬਰ 165 ’ਤੇ ਸਵੇਰ ਸਮੇਂ ਕਰੀਬ ਪੌਣੇ 9 ਵਜੇ ਈਵੀਐੱਮ ਵਿੱਚ ਤਕਨੀਕੀ ਖ਼ਰਾਬੀ ਆਉਣ ਕਾਰਨ ਕਰੀਬ ਡੇਢ ਘੰਟਾ ਵੋਟਿੰਗ ਦਾ ਕੰਮ ਲਮਕਿਆ ਪ੍ਰੰਤੂ ਹਲਕੇ ਦੇ ਬਾਕੀ ਹਿੱਸਿਆ ਵਿੱਚ ਲੜਾਈ ਝਗੜੇ ਦੀ ਕੋਈ ਸੂਚਨਾ ਨਹੀਂ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਹਲਕਾ ਰਾਜਪੁਰਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਰਿਟਰਨਿੰਗ ਅਫ਼ਸਰ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਹਲਕਾ ਰਾਜਪੁਰਾ ਵਿੱਚ ਕੁੱਲ 75 ਫ਼ੀਸਦੀ ਮਤਦਾਨ ਹੋਇਆ। ਇਸ ਦੌਰਾਨ ਕਿਧਰੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਡਕਾਲਾ (ਮਾਨਵਜੋਤ ਭਿੰਡਰ): ਸਥਾਨਕ ਇਲਾਕੇ ਵਿੱਚ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈ। ਜ਼ਿਲ੍ਹਾ ਚੋਣ ਕਮਿਸ਼ਨ ਦਫ਼ਤਰ ਮੁਤਾਬਿਕ ਸ਼ਾਮ 5 ਵਜੇ ਤੱਕ ਸਮਾਣਾ ਹਲਕੇ ਵਿੱਚ 68.2 ਫੀਸਦੀ ਤੇ ਸਨੌਰ ਹਲਕੇ ’ਚ 66.5 ਫੀਸਦੀ ਵੋਟਿੰਗ ਹੋਈ।
ਘਨੌਰ (ਬਹਾਦਰ ਸਿੰਘ ਮਰਦਾਂਪੁਰ): ਵਿਧਾਨ ਸਭਾ ਹਲਕਾ ਘਨੌਰ ਵਿੱਚ 76% ਵੋਟਾਂ ਪੋਲ ਹੋਈਆਂ। ਦੁਪਹਿਰ ਤੋਂ ਪਹਿਲਾਂ ਪਿੰਡ ਲੱਖੋਮਾਜਰਾ ਅਤੇ ਲੋਹਸਿੰਬਲੀ ਦੇ ਪੋਲਿੰਗ ਸਟੇਸ਼ਨਾਂ ’ਤੇ ਈ.ਵੀ.ਐਮ ਮਸ਼ੀਨਾਂ ਵਿੱਚ ਤਕਨੀਕੀ ਖਰਾਬੀ ਆ ਜਾਣ ਕਾਰਨ ਕੁਝ ਦੇਰ ਲਈ ਪੋਲਿੰਗ ਰੋਕਣੀ ਪਈ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਵਿਧਾਨ ਸਭਾ (ਰਾਖਵਾਂ) ਹਲਕਾ ਦਿੜ੍ਹਬਾ ਵਿੱਚ ਵੋਟਾਂ ਅਮਨ-ਅਮਾਨ ਨਾਲ ਪਈਆਂ। ਦਿੜ੍ਹਬਾ ਹਲਕੇ ਵਿੱਚ 76.6 ਫੀਸਦੀ ਵੋਟ ਪੋਲ ਹੋਈ ਹੈ।
ਚੋਣਾਂ ਦੇ ਰੰਗ