ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜੁਲਾਈ
ਭਾਕਿਯੂ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਇਕਾਈ ਵਲੋਂ ਜਮਹੂਰੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਹਿਮਾਂਸੂ ਕੁਮਾਰ ਨੂੰ ਅਦਾਲਤ ਵਲੋਂ ਸੁਣਾਈ ਸਜ਼ਾ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਹਿਮਾਂਸੂ ਕੁਮਾਰ ਨੂੰ ਦਿੱਤੀ ਸਜ਼ਾ ਰੱਦ ਕੀਤੀ ਜਾਵੇ। ਇਸ ਦੇ ਨਾਲ ਹੀ ਜੇਲ੍ਹਾਂ ਵਿਚ ਬੰਦ ਬੁੱਧੀਜੀਵੀ ਤੀਸਤਾ ਸੀਤਲਵਾੜ ਸਮੇਤ ਹੋਰਨਾਂ ਜਮਹੂਰੀ ਕਾਰਕੁਨਾਂ ਨੂੰ ਰਿਹਾਅ ਕੀਤਾ ਜਾਵੇ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਛੱਤੀਸਗੜ੍ਹ ਦੇ ਆਦਿਵਾਸੀ ਆਪਣੀ ਸਰਜ਼ਮੀਨ ਲਈ ਸੰਘਰਸ਼ ਕਰ ਰਹੇ ਸਨ ਪਰੰਤੂ ਕੁੱਝ ਸਾਲ ਪਹਿਲਾਂ ਉਥੋਂ ਦੀ ਸਰਕਾਰ ਵਲੋਂ ਅੰਦੋਲਨਕਾਰੀਆਂ ਨਾਲ ਜਬਰ ਕੀਤਾ ਗਿਆ ਸੀ ਅਤੇ ਕਾਫੀ ਅੰਦੋਲਨਕਾਰੀਆਂ ਨੂੰ ਮਾਰ ਦਿੱਤਾ ਗਿਆ। ਇਥੋਂ ਤੱਕ ਕਿ ਇੱਕ ਡੇਢ ਸਾਲ ਦੇ ਬੱਚੇ ਦਾ ਹੱਥ ਵੀ ਵੱਢਿਆ ਗਿਆ ਸੀ ਜਿਸ ਵਿਰੁੱਧ ਹਿਮਾਂਸੂ ਨੇ ਕੇਸ ਦਰਜ ਕਰਾਉਣ ਲਈ ਅਤੇ ਇਨਸਾਫ਼ ਦਿਵਾਉਣ ਲਈ ਅਦਾਲਤ ਦਾ ਬੂਹਾ ਖੜਕਾਇਆ ਸੀ। ਪਰ ਸਰਕਾਰ ਨੇ ਇਨਸਾਫ਼ ਦਿਵਾਉਣ ਦੀ ਹਿੰਮਤ ਵਿਖਾਉਣ ਵਾਲੇ ਹਿਮਾਂਸੂ ਖ਼ਿਲਾਫ਼ ਹੀ ਦੇਸ਼ਧ੍ਰੋਹ ਦਾ ਕੇਸ ਦਰਜ ਕਰਵਾ ਦਿੱਤਾ ਅਤੇ ਅਦਾਲਤ ਵਲੋਂ ਉਸਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਿਮਾਂਸੂ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜੇਲ੍ਹ ਜਾਣ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਮਹੂਰੀ ਕਾਰਕੁਨਾਂ ਅਤੇ ਬੁੱਧਜੀਵੀਆਂ ਨੂੰ ਨਜ਼ਰਬੰਦ ਕਰਕੇ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿਚ ਲੋਕ ਰੋਹ ਹੋਰ ਤੇਜ਼ ਹੋਵੇਗਾ।
ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਪੰਜ ਲੱਖ ਰੁਪਏ ਦਾ ਜੁਰਮਾਨਾ ਰੱਦ ਕੀਤਾ ਜਾਵੇ, ਜੇਲ੍ਹਾਂ ਵਿਚ ਬੰਦ ਬੁੱਧੀਜੀਵੀ ਸ੍ਰੀਮਤੀ ਤੀਸਤਾ ਸੀਤਲਵਾੜ ਸਮੇਤ ਬਾਕੀ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੂਟਾਲ, ਬਹਾਲ ਸਿੰਘ ਢੀਂਡਸਾ, ਹਰਬੰਸ ਸਿੰਘ ਲੱਡਾ, ਅਜੈਬ ਸਿੰਘ ਲੱਖੇਵਾਲ ਆਦਿ ਮੌਜੂਦ ਸਨ।