ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 26 ਅਪਰੈਲ
ਪਿੰਡਾਂ ਤੇ ਸ਼ਹਿਰਾਂ ਵਿੱਚ ਲੱਗਣ ਵਾਲੇ ਮੇਲਿਆਂ ਵਿੱਚ ਫੜ੍ਹੀਆਂ ਲਾਉਣ ਵਾਲੇ ਦੁਕਾਨਦਾਰਾਂ ਦੀ ਮੇਲਿਆਂ ਵਿੱਚ ਹੋ ਰਹੀ ਲੁੱਟ ਖ਼ਿਲਾਫ਼ ਮੇਲਾ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸ਼ਿੰਗਾਰਾ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਵਿੱਚ ਹੋਈ। ਇਸ ਮੌਕੇ ਜ਼ਿਲ੍ਹਾ ਸੰਗਰੂਰ ਦੀ ਕਮੇਟੀ ਦੀ ਚੋਣ ਕੀਤੀ ਗਈ, ਇਸ ਵਿੱਚ ਬੱਗਾ ਸਿੰਘ ਕਾਕੜਾ ਨੂੰ ਪ੍ਰਧਾਨ, ਸਿਕੰਦਰ ਸਿੰਘ ਰੋਗਲਾ ਨੂੰ ਸਕੱਤਰ ਅਤੇ ਭੋਲਾ ਸਿੰਘ ਨਾਗਰਾ ਨੂੰ ਸਰਬਸੰਮਤੀ ਨਾਲ ਖਜ਼ਾਨਚੀ ਚੁਣਿਆ ਗਿਆ । ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਮੇਲਾ ਕਮੇਟੀਆਂ ਦੁਕਾਨਦਾਰਾਂ ਦੀ ਲੁੱਟ ਕਰਨ ਲਈ ਅੱਗੇ ਠੇਕੇਦਾਰਾਂ ਨੂੰ ਉੱਕਾ ਪੁੱਕਾ ਪੈਸਿਆਂ ਵਿੱਚ ਜਗ੍ਹਾ ਦਾ ਸੌਦਾ ਮੁਕਾ ਦਿੰਦੀਆਂ। ਠੇਕੇਦਾਰ ਫੜ੍ਹੀਆਂ ਵਾਲਿਆਂ ਦਾ ਸੋਸ਼ਣ ਕਰਦੇ ਹਨ। ਮੇਲਾ ਸੰਘਰਸ਼ ਕਮੇਟੀ ਪੰਜਾਬ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਲਿਆਂ ਵਿੱਚ ਠੇਕੇਦਾਰੀ ਸਿਸਟਮ ਬੰਦ ਕਰਵਾਇਆ ਜਾਵੇ ਤੇ ਦੁਕਾਨਦਾਰਾਂ ਦੀ ਹੋ ਰਹੀ ਲੁੱਟ ਬੰਦ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਅੱਜ ਦੀ ਮੀਟਿੰਗ ਵਿਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਸਕੱਤਰ ਧਰਮਪਾਲ ਸਿੰਘ ਅਤੇ ਜ਼ਿਲ੍ਹਾ ਸਕੱਤਰ ਬਿਮਲ ਕੌਰ ਵੀ ਸ਼ਾਮਲ ਹੋਏ।