ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਮਈ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਪੰਜਾਬ ਸਰਕਾਰ ਤੋਂ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਵਧਾਉਣ ਦੇ ਹੁਕਮ ਵਾਪਸ ਲੈਣ ਅਤੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 12.30 ਵਜੇ ਤੱਕ ਕਰਨ ਦੀ ਮੰਗ ਕੀਤੀ ਹੈ। ਡੀਟੀਐੱਫ ਅਨੁਸਾਰ ਛੁੱਟੀਆਂ ਵਧਾਉਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ।
ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਤੇ ਹਰਭਜਨ ਗੁਰਨੇ ਨੇ ਆਖਿਆ ਕਿ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਕਰਨ ਦੇ ਵਾਅਦੇ ਕਰਨ ਵਾਲੀ ਮਾਨ ਸਰਕਾਰ ਸਕੂਲਾਂ ਵਿੱਚ ਛੁੱਟੀਆਂ ਵਧਾ ਰਹੀ ਹੈ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ।
ਜ਼ਿਲ੍ਹਾ ਵਿੱਤ ਸਕੱਤਰ ਪਰਮਿੰਦਰ ਉਭਾਵਾਲ ਨੇ ਕਿਹਾ ਕਿ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰ ਕੇ ਮਾਨ ਸਰਕਾਰ ਨੇ ਆਪਣਾ ਸਿੱਖਿਆ ਪ੍ਰਤੀ ਏਜੰਡਾ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਵੀ ਪੁਰਾਣੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ’ਤੇ ਚਲਦੀ ਹੋਈ ਉਹਨਾਂ ਕਾਰਪੋਰੇਟਸ ਲਈ ਕੰਮ ਕਰ ਰਹੀ ਹੈ ਜਿਹੜੇ ਜਨਤਕ ਤੇ ਮੁਫਤ ਸਿੱਖਿਆ ਨੂੰ ਖਤਮ ਕਰਨਾ ਚਾਹੁੰਦੇ ਹਨ। ਆਗੂਆਂ ਮੰਗ ਕੀਤੀ ਕਿ ਜੇਕਰ ਸਰਕਾਰ ਸਿੱਖਿਆ ਅਤੇ ਵਿਦਿਆਰਥੀਆਂ ਲਈ ਸੁਹਿਰਦ ਹੈ ਤਾਂ ਉਹ ਆਪਣਾ ਪਹਿਲਾ ਫੁਰਮਾਨ ਵਾਪਸ ਲੈਂਦਿਆਂ ਗਰਮੀ ਦੀਆਂ ਛੁੱਟੀਆਂ 1 ਜੂਨ ਤੋਂ ਹੀ ਕਰੇ ਅਤੇ ਮਈ ਮਹੀਨੇ ਦੌਰਾਨ ਸਕੂਲਾਂ ਦਾ ਸਮਾਂ 8 ਤੋਂ 12:30 ਵਜੇ ਦਾ ਕਰੇ ਕਿਉਂਕਿ ਦੂਰ ਦੁਰਾਡੇ ਸਵੇਰੇ ਬੱਚਿਆਂ ਨੂੰ ਤੇ ਅਧਿਆਪਕਾਂ ਨੂੰ ਪਹੁੰਚਾਉਣਾ ਬਹੁਤ ਔਖਾ ਹੈ ।