ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 21 ਅਕਤੂਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਲੇਰਕੋਟਲਾ ਵਿੱਚ ਜਿਨ੍ਹਾਂ ਝੁੱਗੀ ਝੌਪੜੀ ਵਾਲਿਆਂ ਦੀਆਂ ਕਰੀਬ ਪੰਜ ਦਰਜਨ ਝੁੱਗੀਆਂ ਅਚਾਨਕ ਅੱਗ ਲੱਗ ਕੇ ਸੜ ਗਈਆਂ ਹਨ ਉਨ੍ਹਾਂ ਦੇ ਮੁੜ ਵਸੇਬੇ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਵੇ ਅਤੇ ਝੁੱਗੀਆਂ ਸੜਨ ਨਾਲ ਹੋਏ ਨੁਕਸਾਨ ਦਾ ਵੇਰਵਾ ਇਕੱਤਰ ਕਰਕੇ ਪੀੜਤਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇ। ਸ੍ਰੀ ਹਥੋਆ ਨੇ ਮੌਕੇ ਦਾ ਦੌਰਾ ਕਰਕੇ ਪੀੜਤਾਂ ਤੋਂ ਹੋਏ ਨੁਕਸਾਨ ਦੀ ਜਾਣਕਾਰੀ ਹਾਸਲ ਕੀਤੀ। ਸ੍ਰੀ ਹਥੋਆ ਨੇ ਦੱਸਿਆ ਕਿ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਝੁੱਗੀ ਵਾਸੀਆਂ ਦਾ ਘਰੇਲੂ ਸਮਾਨ , ਰੋਜ਼ਾਨਾ ਵਰਤੋਂ ਦਾ ਸਮਾਨ, ਜ਼ਰੂਰੀ ਕਾਗ਼ਜ਼ਾਤ ਅਤੇ ਨਕਦੀ ਸੜ ਗਈ ਹੈ। ਉਨ੍ਹਾਂ ਕੋਲ ਹੁਣ ਸਿਰ ਢੱਕਣ ਨੂੰ ਵੀ ਥਾਂ ਨਹੀਂ ਬਚੀ ਅਤੇ ਖਾਣ ਲਈ ਭੋਜਨ ਨਹੀਂ।ਉਹ ਖੁੱਲ੍ਹੇ ਅਸਮਾਨ ‘ਚ ਰਾਤਾਂ ਕੱਟਣ ਨੂੰ ਮਜਬੂਰ ਹਨ। ਉਹ ਸਿਰਫ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਏ ਜ ਰਹੇ ਲੰਗਰ ’ਤੇ ਨਿਰਭਰ ਹਨ। ਸ੍ਰੀ ਹਥੋਆ ਨੇ ਮੰਗ ਕੀਤੀ ਕਿ ਪ੍ਰਸ਼ਾਸਨ, ਪੀੜਤਾਂ ਨੂੰ ਫੌਰੀ ਰਾਹਤ ਮੁਹੱਈਆ ਕਰਵਾਏ।