ਜਗਤਾਰ ਸਿੰਘ ਨਹਿਲ
ਲੌਂਗੋਵਾਲ, 21 ਸਤੰਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਪਿੰਡ ਤੋਗਾਵਾਲ (ਸੰਗਰੂਰ) ਵਿੱਚ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਮੀਟਿੰਗ ਕੀਤੀ ਗਈ। ਪਿੰਡ ਵਿੱਚ ਪੁੱਟੇ ਮੀਟਰਾਂ, ਪੰਜ ਪੰਜ ਮਰਲੇ ਦੇ ਪਲਾਟ, ਰਾਸ਼ਨ ਕਾਰਡ ਚੋਂ ਕੱਟੇ ਨਾਂ ਬਹਾਲ ਕਰਵਾਉਣ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਬੁਢਾਪਾ ਪੈਨਸ਼ਨ ਆਦਿ ਸਬੰਧੀ ਲਿਸਟਾਂ ਤਿਆਰ ਕੀਤੀਆਂ ਗਈਆਂ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬਿਮਲ ਕੌਰ, ਮਨਜੀਤ ਕੌਰ, ਪਿੰਡ ਆਗੂ ਕਰਮਜੀਤ ਕੌਰ, ਲਵਪ੍ਰੀਤ ਕੌਰ ਉੱਪਲੀ ਨੇ ਕਿਹਾ ਕਿ ਮੰਗਾਂ ਸਬੰਧੀ 23 ਸਤੰਬਰ ਦੀ ਪੰਜਾਬ ਸਰਕਾਰ ਨਾਲ ਸਾਂਝੇ ਮਜ਼ਦੂਰ ਮੋਰਚੇ ਦੀ ਪੈਨਲ ਮੀਟਿੰਗ ਮੁਕੱਰਰ ਹੋ ਚੁੱਕੀ ਹੈ, ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਕੋਲ ਸਾਂਝੇ ਮਜ਼ਦੂਰ ਮੋਰਚੇ ਨੇ ਇਹ ਮੰਗ ਰੱਖੀ ਹੋਈ ਹੈ ਕਿ ਮਗਨਰੇਗਾ ਦੀ ਦਿਹਾੜੀ ਮਹਿੰਗਾਈ ਅਨੁਸਾਰ 600 ਰੁਪਏ ਕੀਤੀ ਜਾਵੇ, ਪਰ ਇਸ ਪਿੰਡ ਵਿੱਚ ਤਾਂ ਨਰਮੇ ਦੀ ਚੁਗਾਈ ਦੀ ਦਿਹਾੜੀ ਸਿਰਫ਼ 150 ਰੁਪਏ ਦੇ ਕੇ ਖੇਤ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਪਿੰਡ ਦੇ ਖੇਤ ਮਜ਼ਦੂਰਾਂ ਨੇ ਕਿਹਾ ਕਿ ਅੰਤਾਂ ਦੀ ਮਹਿੰਗਾਈ ਵਿੱਚ ਘੱਟੋ ਘੱਟ ਨਰਮੇ ਦੀ ਚੁਗਾਈ 400 ਰੁਪਏ ਦਿਹਾੜੀ ਦਿੱਤੀ ਜਾਵੇ।