ਖੇਤਰੀ ਪ੍ਰਤੀਨਿਧ
ਧੂਰੀ, 7 ਜੂਨ
ਕੁਲ ਹਿੰਦ ਕਿਸਾਨ ਸਭਾ ਵੱਲੋਂ ਅੱਜ ਸੂਬਾ ਜਨਰਲ ਸਕੱਤਰ ਕਾਮਰੇਡ ਮੇਜਰ ਸਿੰਘ ਪੁੰਨਾਵਾਲ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਆਬਾਦਕਾਰਾਂ ਨੂੰ ਮਾਲਕੀ ਹੱਕ ਦਿਵਾਉਣ ਸਬੰਧੀ ਐੱਸਡੀਐੱਮ ਧੂਰੀ ਦੇ ਸਟੈਨੋ ਅਰਵਿੰਦ ਕੁਮਾਰ ਨੂੰ ਸੌਂਪਿਆ ਗਿਆ। ਜਾਣਕਾਰੀ ਦਿੰਦਿਆਂ ਕਾਮਰੇਡ ਪੁੰਨਾਵਾਲ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਆਬਾਦਕਾਰਾਂ ਦੇ ਸੰਘਰਸ਼ ਦੀ ਅਗਵਾਈ ਕਰਦੇ ਆਬਾਦਕਾਰਾਂ ਦੇ ਮਾਲਕੀ ਹੱਕ ਪੰਜਾਬ ਸਰਕਾਰ ਵੱਲੋਂ 1978 ਵਿੱਚ ਇੱਕ ਪਾਲਿਸੀ ਬਣਾ ਕੇ ਦਿੱਤੇ ਹੋਏ ਹਨ, ਪਰ ਕਾਫੀ ਵੱਡੇ ਹਿੱਸੇ ਦੇ ਆਬਾਦਕਾਰਾਂ ਨੂੰ ਅਜੇ ਤੱਕ ਮਾਲਕੀ ਹੱਕ ਨਹੀਂ ਦਿੱਤੇ ਗਏ। ਇਸ ਦੌਰਾਨ ਉਨ੍ਹਾਂ ਜ਼ਮੀਨਾਂ ਦੇ ਮਾਲਕੀ ਹੱਕ ਅਸਲ ਆਬਾਦਕਾਰਾਂ ਨੂੰ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਜ਼ਮੀਨਾਂ ’ਤੇ ਵੱਡੇ ਜਗੀਦਾਰਾਂ ਅਤੇ ਰੀਅਲ ਅਸਟੇਟਾਂ ਦੇ ਲੋਕਾਂ ਦਾ ਵਪਾਰਕ ਜਾਇਦਾਦਾਂ ’ਤੇ ਕਬਜ਼ਾ ਹੈ, ਉਸ ਨੂੰ ਛੁਡਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬੇਜ਼ਮੀਨੇ ਲੋਕਾ ਨੂੰ ਮਾਲਕੀ ਹੱਕ ਦਿੱਤੇ ਜਾਣ। ਇਸ ਮੌਕੇ ਅਮਰੀਕ ਸਿੰਘ ਕਾਂਝਲਾ, ਸੁਖਵੰਤ ਸਿੰਘ ਭਸੌੜ, ਦਰਬਾਰਾ ਸਿੰਘ ਬੇਨੜਾ, ਗੁਰਜੰਟ ਸਿੰਘ ਬਾਲੀਆ ਆਦਿ ਹਾਜ਼ਰ ਸਨ।