ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਜੁਲਾਈ
ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਪੰਜਾਬ ਨੇ ਇੱਕ ਸੂਬਾ ਪੱਧਰੀ ਮੀਟਿੰਗ ਕਰਕੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਜਿਸ ਤਹਿਤ 7 ਜੁਲਾਈ ਨੂੰ ਚੰਡੀਗੜ੍ਹ ਵਿੱਚ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਪੂਰੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ ਅਤੇ ਓਟ ਕਲੀਨਿਕ ਸਿਹਤ ਵਿਭਾਗ ਦੇ ਮੁਲਾਜ਼ਮ ਸੇਵਾਵਾਂ ਰੈਗੂਲਰ ਨਾ ਕੀਤੇ ਜਾਣ ਤੋਂ ਖਫ਼ਾ ਹਨ। ਯੂਨੀਅਨ ਦੀ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਘੱਟ ਤਨਖਾਹਾਂ ’ਤੇ ਕੰਮ ਲੈ ਕੇ ਨੌਜ਼ਵਾਨਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੌਰਾਨ ਕੱਚੇ ਮੁਲਾਜ਼ਮਾਂ ਨੇ ਬਿਨਾਂ ਕਿਸੇ ਸਹੂਲਤ ਦੇ ਆਪਣੀ ਜਾਨ ’ਤੇ ਖੇਡ ਕੇ ਬਹੁਤ ਕੰਮ ਕੀਤਾ ਹੈ, ਪਰ ਸਰਕਾਰ ਨੇ ਸਿਰਫ ਕਰੋਨਾ ਯੋਧੇ ਦਾ ਨਾਮ ਦੇ ਕੇ ਭਰਮਾਉਣ ਦਾ ਜਤਨ ਕੀਤਾ ਹੈ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਪ੍ਰਸ਼ਾਂਤ ਅਦੀਆ ਨੇ ਕਿਹਾ ਕਿ ਮੁਲਾਜ਼ਮਾਂ ਨੇ ਸਰਕਾਰ ਦੀਆਂ ਰੈਗੂਲਰ ਸ਼ਰਤਾਂ ਅਧੀਨ ਟੈਸਟ ਪਾਸ ਕਰਕੇ ਰੁਜ਼ਗਾਰ ਪ੍ਰਾਪਤ ਕੀਤਾ ਸੀ, ਪਰ ਸਰਕਾਰ ਨੇ ਕੱਚੇ ਮੁਲਾਜ਼ਮਾਂ ਦਾ ਟੈਗ ਲਗਾ ਕੇ ਆਪਣੀ ਨਾਕਾਮੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਦੀ ਬੇਰੁਖੀ ਖ਼ਿਲਾਫ਼ 7 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 34 ਸਥਿਤ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦਾ ਘਿਰਾਓ ਕੀਤਾ ਜਾਵੇਗਾ।