ਪੱਤਰ ਪ੍ਰੇਰਕ
ਸ਼ੇਰਪੁਰ, 14 ਅਕਤੂਬਰ
ਅਲਾਲ ਰੇਲਵੇ ਸਟੇਸ਼ਨ ’ਤੇ ਕੋਵਿਡ-19 ਦੌਰਾਨ ਯਾਤਰੀ ਰੇਲ ਗੱਡੀਆਂ ਦਾ ਠਹਿਰਾਅ ਬੰਦ ਕਰਨ ਤੋਂ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਤੇ ਨੱਥਾ ਸਿੰਘ ਨੇ ਪਿੰਡ ਵਾਸੀਆਂ ਤੇ ਇਲਾਕੇ ਦੀਆਂ 14 ਪੰਚਾਇਤਾਂ ਦੇ ਦਸਤਖ਼ਤਾਂ ਵਾਲਾ ਮੰਗ ਪੱਤਰ ਡੀਆਰਐੱਮ ਅੰਬਾਲਾ ਦੇ ਦਫ਼ਤਰ ਰੇਲਵੇ ਅਧਿਕਾਰੀ ਕੁਨਾਲ ਕੁਮਾਰ ਨੂੰ ਸੌਂਪ ਕੇ ਪੈਸੰਜਰ ਰੇਲ ਗੱਡੀਆਂ ਦਾ ਠਹਿਰਾਅ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਰੇਲਵੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸਰਬਜੀਤ ਅਲਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਅਲਾਲ ਦਾ ਸਟੇਸ਼ਨ ਧੂਰੀ-ਬਰਨਾਲਾ ਰੇਲਵੇ ਲਾਈਨ ’ਤੇ ਪੈਂਦਾ ਹੈ ਅਤੇ ਕੋਵਿਡ-19 ਦੌਰਾਨ ਰੇਲਵੇ ਲਾਈਨ ਦੇ ਸਮਾਨਅੰਤਰ ਕੱਢੀ ਜਾ ਰਹੀ ਦੂਜੀ ਬਿਜਲਈ ਰੇਲਵੇ ਲਾਈਨ ਮੌਕੇ ਆਰਜ਼ੀ ਤੌਰ ’ਤੇ ਅਲਾਲ ਵਿੱਚ ਯਾਤਰੀ ਗੱਡੀਆਂ ਦਾ ਠਹਿਰਾਅ ਬੰਦ ਕੀਤਾ ਗਿਆ। ਦੂਜੀ ਰੇਲਵੇ ਲਾਈਨ ਦਾ ਕੰਮ ਮੁਕੰਮਲ ਹੋ ਜਾਣ ਮਗਰੋਂ ਇਸ ਸਬੰਧੀ ਪਿੰਡ ਵਾਸੀਆਂ ਨੇ ਪਿਛਲੇ ਸਮੇਂ ਦੌਰਾਨ ਸੰਘਰਸ਼ ਦਾ ਆਗਾਜ਼ ਕਰਦਿਆਂ ਰੋਸ ਪ੍ਰਦਰਸ਼ਨ ਵੀ ਕੀਤੇ, ਪਰ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਪਿੰਡ ਸੇਖਾ, ਜੇਠੂਕੇ ਸਮੇਤ ਕੁੱਝ ਥਾਵਾਂ ’ਤੇ ਹੋਰ ਵੀ ਯਾਤਰੀ ਗੱਡੀਆਂ ਦਾ ਠਹਿਰਾਅ ਬੰਦ ਕੀਤਾ ਗਿਆ ਸੀ, ਪਰ ਉੱਥੇ ਸੰਘਰਸ਼ਾਂ ਮਗਰੋਂ ਗੱਡੀਆਂ ਰੁਕਣ ਲੱਗ ਗਈਆਂ।
ਪ੍ਰਧਾਨ ਅਲਾਲ ਨੇ ਦੱਸਿਆ ਕਿ ਰੇਲਵੇ ਅਧਿਕਾਰੀਆਂ ਨੇ ਉਨ੍ਹਾਂ ਦਾ ਮੰਗ ਪੱਤਰ ਅੱਗੇ ਰੇਲਵੇ ਬੋਰਡ ਦਿੱਲੀ ਕੋਲ ਭੇਜਣ ਦਾ ਭਰੋਸਾ ਦਿੰਦਿਆਂ ਇੱਕ ਮਹੀਨੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਤੈਅ ਸਮੇਂ ਮਗਰੋਂ ਪਿੰਡ ਵਾਸੀ ਤਿੱਖਾ ਸੰਘਰਸ਼ ਕਰਨਗੇ।