ਪੱਤਰ ਪ੍ਰੇਰਕ
ਲਹਿਰਾਗਾਗਾ, 16 ਅਪਰੈਲ
ਅਕਾਲੀ ਡੈਮੋਕ੍ਰੈਟਿਕ ਦੇ ਸੀਨੀਅਰ ਆਗੂ ਤੇ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਨੇ ਬਾਦਲਾਂ ਨਾਲ ਮਿਲੀਭੁਗਤ ਕਰਕੇ ਬਰਗਾੜੀ ਕਾਂਡ ਦੀ ਜਾਂਚ ਜਾਣਬੁੱਝ ਕੇ ਰੱਦ ਕਰਵਾਈ, ਜਿਸ ਕਰਕੇ ਸਰਕਾਰੀ ਵਕੀਲ ਨੂੰ ਸਹੀ ਪੱਖ ਪੇਸ਼ ਨਹੀਂ ਕਰਨ ਦਿੱਤਾ, ਜਿਸ ਕਾਰਨ ਚਾਰ ਸਾਲ ਦੀ ਮਿਹਨਤ ਕਾਂਗਰਸ ਸਰਕਾਰ ਨੇ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ। ਉਨ੍ਹਾਂ ਕਾਗਰਸ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਅਕਾਲੀ ਦਲ ਦੀਆਂ ਰੈਲੀਆਂ ’ਤੇ ਕੋਈ ਰੋਕ ਨਹੀਂ ਲੱਗੀ ਤੇ ਨਾ ਹੀ ਕਾਂਗਰਸ ਦੀਆਂ ਰੈਲੀਆਂ ਵਿੱਚ ਕਰੋਨਾ ਆਇਆ ਪਰ ਹੁਣ ਜਦੋਂ ਦੂਜੀਆਂ ਪਾਰਟੀਆਂ ਰੈਲੀਆਂ ਕਰਨ ਲੱਗੀਆਂ ਤਾਂ ਇਨ੍ਹਾਂ ’ਤੇ ਰੋਕ ਲਾ ਦਿੱਤੀ ਗਈ। ਢੀਂਡਸਾ ਨੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋਣ ਦੀਆਂ ਚਰਚਾਵਾਂ ਸਬੰਧੀ ਕਿਹਾ ਕਿ ਅਜੇ ਚੋਣਾਂ ’ਚ ਸਮਾਂ ਹੈ ਅਤੇ ਸਹੀ ਸਮਾਂ ਆਉਣ ’ਤੇ ਫ਼ੈਸਲਾ ਕੀਤਾ ਜਾਵੇਗਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਅਨਿਲ ਗਰਗ ਐਡਵੋਕੇਟ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ, ਜਸਵੰਤ ਸਿੰਘ ਹੈਪੀ ਤੇ ਪਾਰਟੀ ਵਰਕਰ ਮੌਜੂਦ ਸਨ।