ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਅਪਰੈਲ
ਬੇਰੁਜ਼ਗਾਰ ਸਾਂਝਾ ਮੋਰਚਾ ਦੀ ਅਗਵਾਈ ਹੇਠ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ 95 ਦਿਨਾਂ ਤੋਂ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰਾਂ ਵਲੋਂ ਅੱਜ ਇਥੇ ਦਿੱਲੀ-ਲੁਧਿਆਣਾ ਹਾਈਵੇਅ ਉਪਰ ਰੋਸ ਧਰਨਾ ਲਗਾਉਂਦਿਆਂ ਆਵਾਜਾਈ ਠੱਪ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ 6 ਅਪਰੈਲ ਨੂੰ ਮੁੱਖ ਮੰਤਰੀ ਦੇ ਓਐਸਡੀ ਨਾਲ ਮੋਤੀ ਮਹਿਲ ਪਟਿਆਲਾ ਵਿਖੇ ਹੋਣ ਵਾਲੀ ਮੀਟਿੰਗ ਵਿਚ ਮਹਾਰਾਣੀ ਪਰਨੀਤ ਕੌਰ ਨੂੰ ਸ਼ਾਮਲ ਕੀਤਾ ਜਾਵੇ।
ਬੇਰੁਜ਼ਗਾਰ ਸਾਂਝਾ ਮੋਰਚਾ ਦੀ ਅਗਵਾਈ ਹੇਠ ਬੇਰੁਜ਼ਗਾਰ ਅੱਜ ਬਾਅਦ ਦੁਪਹਿਰ ਕਰੀਬ ਇੱਕ ਵਜੇ ਪੱਕੇ ਮੋਰਚੇ ਵਾਲੇ ਸਥਾਨ ਤੋਂ ਰੋਸ ਮਾਰਚ ਕਰਦੇ ਹੋਏ ਇਥੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਓਵਰਬ੍ਰਿਜ ਨੇੜੇ ਪੁੱਜੇ ਅਤੇ ਆਵਾਜਾਈ ਠੱਪ ਕਰਦਿਆਂ ਰੋਸ ਧਰਨਾ ਲਗਾ ਦਿੱਤਾ। ਇਸ ਮੌਕੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਕ੍ਰਿਸ਼ਨ ਸਿੰਘ ਨਾਭਾ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝਨੀਰ ਅਤੇ ਸੰਦੀਪ ਸਿੰਘ ਗਿੱਲ ਨੇ ਕਿਹਾ ਹੈ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ 28 ਮਾਰਚ ਨੂੰ ਚੰਡੀਗੜ੍ਹ-ਬਠਿੰਡਾ ਰੋਡ ’ਤੇ ਆਪਣੀਆਂ ਮੰਗਾਂ ਲਈ ਜਾਮ ਲਗਾਇਆ ਗਿਆ ਸੀ। ਇਸ ਮੌਕੇ ਸੰਗਰੂਰ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਸਬੰਧੀ 6 ਅਪਰੈਲ ਦੀ ਪਟਿਆਲੇ ਮੋਤੀ ਮਹਿਲ ਵਿਖੇ ਮੀਟਿੰਗ ਤਹਿ ਕਰਵਾਈ ਗਈ ਸੀ ਅਤੇ ਇਸ ਮੀਟਿੰਗ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੂੰ ਸ਼ਾਮਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਅਜੇ ਤਕ ਮਹਾਰਾਣੀ ਪ੍ਰਨੀਤ ਕੌਰ ਨੂੰ ਮੀਟਿੰਗ ਵਿੱਚ ਸ਼ਾਮਲ ਕਰਨ ਸੰਬੰਧੀ ਕੋਈ ਵੀ ਪੱਤਰ ਨਹੀਂ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੀ ਕਾਂਗਰਸੀ ਵਰਕਰਾਂ ਵਲੋਂ ਕੁੱਟਮਾਰ ਕਰਨ ਦੀ ਨਿਖੇਧੀ ਕੀਤੀ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਲਫ਼ਜ, ਮਨਪ੍ਰੀਤ ਕੌਰ, ਕਿਰਨ ਈਸੜਾ, ਰਿੰਪੀ ਕੌਰ, ਪੁਸਪਿੰਦਰ ਕੌਰ, ਸਿਮਰਨ ਪਟਿਆਲਾ, ਗਗਨਦੀਪ ਕੌਰ, ਹਰਬੰਸ ਸਿੰਘ, ਰਣਵੀਰ ਨਦਾਮਪੁਰ, ਗੁਰਮੇਲ ਕੁਲਰੀਆਂ, ਸਪਿੰਦਰ ਖੁਡਾਲ, ਹਰਵਿੰਦਰ ਨਿਰਮਾਣਾ, ਜਰਨੈਲ ਸਿੰਘ,ਆਦਿ ਹਾਜ਼ਰ ਸਨ। ਖ਼ਬਰ ਲਿਖੇ ਜਾਣ ਸਮੇਂ ਸ਼ਾਮ ਕਰੀਬ 7 ਵਜ਼ੇ ਤੱਕ ਬੇਰੁਜ਼ਗਾਰ ਦਿੱਲੀ-ਲੁਧਿਆਣਾ ਹਾਈਵੇ ਉਪਰ ਰੋਸ ਧਰਨੇ ’ਤੇ ਡਟੇ ਹੋਏ ਸਨ।
ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ
ਪਟਿਆਲਾ (ਸਰਬਜੀਤ ਸਿੰਘ ਭੰਗੂ): ਬੇਰੁਜ਼ਗਾਰ ਨੌਜਵਾਨਾਂ ਦੀਆਂ ਪੰਜ ਜਥੇਬੰਦੀਆਂ ’ਤੇ ਆਧਾਰਿਤ ‘ਬੇਰੁਜ਼ਗਾਰ ਸਾਂਝੇ ਮੋਰਚੇ’ ਨੇ ਅੱਠ ਅਪਰੈਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਉਲਕਿਆ ਹੈ। ਇਸ ਮੌਕੇ ਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਮੋਰਚੇ ਦੇ ਆਗੂ ਅਤੇ ‘ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ’ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਕ੍ਰਿਸ਼ਨ ਸਿੰਘ ਨਾਭਾ, ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਦੱਸਿਆ ਕਿ ਅਧਿਕਾਰੀਆਂ ਨੇ ਮੋਰਚੇ ਦੇ ਵਫ਼ਦ ਦੀ 6 ਅਪਰੈਲ ਨੂੰ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਪਟਿਆਲਾ ਵਿਚ ਮੀਟਿੰਗ ਤਹਿ ਕਰਵਾਈ ਹੋਈ ਹੈ। ਪਰ ਇਸ ਮੀਟਿੰਗ ਦੇ ਮੁਲਤਵੀ ਕੀਤੇ ਜਾਣ ਦਾ ਖਦਸ਼ਾ ਹੈ ਜਾਂ ਪ੍ਰਨੀਤ ਕੌਰ ਖ਼ੁਦ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੋਇਆ, ਜਾਂ ਮੀਟਿੰਗ ਬੇਸਿੱਟਾ ਰਹੀ ਤਾਂ ਮੋਰਚੇ ਵੱਲੋਂ 8 ਅਪਰੈਲ ਨੂੰ ਮੋਤੀ ਬਾਗ਼ ਪੈਲੇਸ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕਿ ਅਮਨ ਸੇਖਾ, ਲਫ਼ਜ, ਮਨਪ੍ਰੀਤ ਕੌਰ, ਗਗਨਦੀਪ ਕੌਰ, ਗੁਰਪ੍ਰੀਤ ਗਾਜੀਪੁਰ, ਛਾਇਆ ਸੈਣੀ, ਹਰਪ੍ਰੀਤ ਕੌਰ, ਗੁਰਪ੍ਰੀਤ ਡੁੂੰਡੀਆ, ਗੁਰਜੀਤ ਖਾਈ, ਸੰਦੀਪ ਗਿੱਲ, ਤਰਲੋਚਨ ਨਾਗਰਾ, ਕੁਲਵੰਤ ਲੌਂਗੋਵਾਲ, ਗੁਰਦਿਆਲ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ ਤੇ ਹਰਸ਼ਰਨ ਭੱਠਲ ਆਦਿ ਹਾਜ਼ਰ ਸਨ।
ਆਂਗਣਵਾੜੀ ਵਰਕਰਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਇਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ 19ਵੇਂ ਦਿਨ ਵੀ ਪੱਕਾ ਮੋਰਚਾ ਜਾਰੀ ਰਿਹਾ ਅਤੇ ਪ੍ਰਦਰਸ਼ਨਕਾਰੀ ਵਰਕਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਬਲਾਕ ਘਨੌਰ ਦੀ ਪ੍ਰਧਾਨ ਅਮਰਜੀਤ ਕੌਰ ਅਤੇ ਬਲਾਕ ਭੁਨਰਹੇੜੀ ਦੀ ਪ੍ਰਧਾਨ ਬਲਵਿੰਦਰ ਕੌਰ ਕੌਰ ਦੀ ਅਗਵਾਈ ਵਿਚ ਵਰਕਰਾਂ ਤੇ ਹੈਲਪਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੌਮੀ ਪ੍ਰਧਾਨ ਊਸ਼ਾ ਰਾਣੀ, ਸੂਬਾ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਸਰਕਾਰ ਵਲੋਂ ਆਈ.ਸੀ.ਡੀ.ਐਸ ਸਕੀਮ ਨੂੰ ਖਾਤਮੇ ਵੱਲ ਧੱਕਿਆ ਜਾ ਰਿਹਾ ਹੈ ਜਿਸ ਦੇ ਵਿਰੋਧ ਵਿਚ ਸੰਘਰਸ਼ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ 9 ਅਪਰੈਲ ਨੂੰ ਪੰਜਾਬ ਸਰਕਾਰ ਦੀ ਸ਼ਵ ਯਾਤਰਾ ਸੰਗਰੂਰ ਵਿਖੇ ਅਤੇ 14 ਅਪਰੈਲ ਅੰਬੇਦਕਰ ਜੈਅੰਤੀ ਨੂੰ ਅਧਿਕਾਰ ਦਿਵਸ ਦੇ ਰੂਪ ਵਿੱਚ ਦੀਨਾਨਗਰ ਵਿਖੇ ਮਨਾਇਆ ਜਾਵੇਗਾ। ਇਕ ਪੱਕਾ ਮੋਰਚਾ ਵਿਭਾਗੀ ਦੀ ਮੰਤਰੀ ਅਰੁਣਾ ਚੌਧਰੀ ਦੇ ਘਰ ਸਾਹਮਣੇ ਵੀ ਸ਼ੁਰੂ ਕੀਤਾ ਜਾਵੇਗਾ। ਰੋਸ ਧਰਨੇ ਨੂੰ ਪਰਮਜੀਤ ਕੌਰ ਵਿੱਤ ਸਕੱਤਰ ਭੁਨਰਹੇੜੀ, ਮਨਜੀਤ ਕੌਰ, ਸਰਬਜੀਤ ਕੌਰ, ਚਰਨਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।