ਹਰਦੀਪ ਸੋਢੀ
ਧੂਰੀ, 2 ਜੁਲਾਈ
ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਲਈ ਕੌਡੀਆਂ ਦੇ ਭਾਅ ਜ਼ਮੀਨ ਐਕੁਆਇਰ ਕੀਤੇ ਜਾਣ ਦਾ ਵਿਰੋਧ ਕਰਦਿਆਂ ਕਿਸਾਨ ਰੋਡ ਸੰਘਰਸ਼ ਕਮੇਟੀ ਵੱਲੋਂ ਸਥਾਨਕ ਐੱਸਡੀਐੱਮ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦਿਆਂ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਜੇਜੀ, ਵਕੀਲ ਰਣਜੀਤ ਸਿੰਘ ਮੌੜ ਤੇ ਹਰਮਿੰਦਰ ਸਿੰਘ ਭਸੌੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਜ਼ਮੀਨ ਕੌਡੀਆਂ ਦੇ ਭਾਅ ਖਰੀਦ ਕਰ ਰਹੀ ਹੈ, ਜਦਕਿ ਕਿਸਾਨ ਮਾਰਕੀਟ ਰੇਟ ’ਤੇ ਬਣਾਏ ਐਵਾਰਡ ਨਾਲ ਜ਼ਮੀਨ ਦੇਣ ਅਤੇ ਜ਼ਮੀਨ ਵਿੱਚ ਆਉਂਦੇ ਟਿਊਬਵੈੱਲ, ਮੋਟਰਾਂ ਦੇ ਕਮਰੇ, ਪੋਲਟਰੀ ਫ਼ਾਰਮ, ਘਰਾਂ ਦਾ ਮੁਆਵਜ਼ਾ ਵੱਖਰਾ ਲੈ ਕੇ ਜ਼ਮੀਨ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੱਖ-ਵੱਖ ਬਲਾਕਾਂ ਵਿੱਚ ਵੱਖਰੇ ਵੱਖਰੇ ਐਵਾਰਡ ਬਣਾ ਕੇ ਕਿਸਾਨਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਮਾਰਕੀਟ ਰੇਟਾਂ ’ਤੇ ਮੁਆਵਜ਼ਾ ਦਿੰਦਿਆਂ ਉਜਾੜਾ ਭੱਤਾ ਦਿੱਤਾ ਜਾਵੇ। ਇਸ ਦੌਰਾਨ ਉਨ੍ਹਾਂ ਸਰਵਿਸ ਲੇਨ ਬਣਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੜਕ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।