ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਜਨਵਰੀ
ਦਿੱਲੀ ਕੱਟੜਾ ਐਕਸਪ੍ਰੈਸ ਵੇਅ ਬਣਾਉਣ ਦੇ ਵਿਰੋਧ ਵਿੱਚ ਇਲਾਕੇ ਦੇ ਕਿਸਾਨਾਂ ਵੱਲੋਂ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਪਿੰਡ ਰੌਸ਼ਨਵਾਲਾ ਵਿਖੇ ਜ਼ਿਲ੍ਹਾ ਪੱਧਰ ਦੇ ਲਗਾਏ ਪੱਕੇ ਧਰਨੇ ਦੇ ਅੱਜ 27ਵੇਂ ਦਿਨ ਆਪਣਾ ਸੰਘਰਸ਼ ਹੋਰ ਤਿੱਖਾ ਕਰਦਿਆਂ ਆਪਣੇ ਖੇਤਾਂ ਵਿੱਚ ਬੋਰਡ ਲਗਾ ਕੇ ਕਿਸੇ ਵੀ ਸਰਕਾਰੀ ਤੇ ਗੈਰ ਸਰਕਾਰੀ ਅਧਿਕਾਰੀ ਨੂੰ ਖੇਤਾਂ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ।
ਇਸ ਸਬੰਧੀ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਸੰਘਰਸ਼ ਕਮੇਟੀ ਦੇ ਬਲਾਕ ਆਗੂ ਹਰਮਨਪ੍ਰੀਤ ਸਿੰਘ ਡਿੱਕੀ, ਪ੍ਰਦੀਪ ਸਿੰਘ, ਸੁਖਦੇਵ ਸਿੰਘ ਭਲਵਾਨ, ਗਿਆਨ ਸਿੰਘ ਬੀਪੀਈਓ, ਜਗਜੀਤ ਸਿੰਘ ਮੀਰਹੇੜੀ, ਜੋਗਾ ਸਿੰਘ ਫੱਗੂਵਾਲਾ, ਜੋਗਿੰਦਰ ਸਿੰਘ ਕਪਿਆਲ, ਜਗਵਿੰਦਰ ਸਿੰਘ, ਰਾਂਝਾ ਸਿੰਘ ਖੇੜੀ ਚੰਦਵਾਂ ਅਤੇ ਕਰਨੈਲ ਸਿੰਘ ਕਪਿਆਲ ਨੇ ਕਿਹਾ ਕਿ ਉਹ ਹੁਣ ਕੇਂਦਰ ਦੀ ਮੋਦੀ ਸਰਕਾਰ ਨੂੰ ਸਾਫ ਲਫਜ਼ਾਂ ਵਿੱਚ ਚਿਤਾਵਨੀ ਦੇ ਰਹੇ ਹਨ ਕਿ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਸ ਸਮੇਂ ਤੱਕ ਉਹ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਸਬੰਧੀ ਕੋਈ ਗੱਲਬਾਤ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਸਰਕਾਰੀ ਤੇ ਗੈਰ ਸਰਕਾਰੀ ਅਧਿਕਾਰੀ ਨੂੰ ਆਪਣੇ ਖੇਤਾਂ ਵਿੱਚ ਦਾਖਲ ਹੋਣ ਦੇਣਗੇ। ਇਸੇ ਦੌਰਾਨ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਫੱਗੂਵਾਲਾ, ਰੋਸ਼ਨਵਾਲਾ, ਹਰਕਿਸ਼ਨਪੁਰਾ, ਝਨੇੜੀ, ਕਪਿਆਲ ਆਦਿ ਵਿਖੇ ਅੱਜ ਆਪਣੇ ਖੇਤਾਂ ਵਿੱਚ ਚਿਤਾਵਨੀ ਬੋਰਡ ਲਗਾਉਣ ਦੀ ਮੁਹਿੰਮ ਦੀ ਸ਼ੁਰੂ ਕਰ ਦਿੱਤੀ।