ਪੱਤਰ ਪ੍ਰੇਰਕ
ਅਮਰਗੜ੍ਹ, 21 ਜੁਲਾਈ
ਦਿੱਲੀ ਕਟੜਾ ਐਕਸਪ੍ਰੈੱਸ ਹਾਈਵੇਅ ਲਈ ਮੁਆਵਜ਼ੇ ਦੇ ਦਿੱਤੇ ਜਾ ਰਹੇ ਜ਼ਮੀਨ ਦੇ ਰੇਟ ਸਬ-ਡਿਵੀਜ਼ਨ ਅਹਿਮਦਗੜ੍ਹ ਵਿਚ ਸਭ ਨਾਲੋਂ ਘੱਟ ਹੋਣ ਕਾਰਨ ਕਿਸਾਨ ਬਹੁਤ ਨਿਰਾਸ਼ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਸ ਹਾਈਵੇਅ ਲਈ ਜ਼ਿਲ੍ਹਾ ਮਾਲੇਰਕੋਟਲਾ ਤੇ ਸੰਗਰੂਰ ਦੇ ਕਿਸਾਨਾਂ ਦੀ ਐਕੁਵਾਇਰ ਕੀਤੀ ਜ਼ਮੀਨ ਵਿੱਚ ਸਬ-ਡਿਵੀਜ਼ਨ ਧੂਰੀ, ਭਵਾਨੀਗੜ੍ਹ, ਮਾਲੇਰਕੋਟਲਾ ਤੇ ਅਹਿਮਦਗੜ੍ਹ ਦੇ ਰੇਟ ਦੂਸਰੀਆਂ ਥਾਵਾਂ ਨਾਲੋਂ ਘੱਟ ਤਹਿ ਕੀਤੇ ਗਏ ਹਨ ਪਰ ਇਨ੍ਹਾਂ ’ਚੋਂ ਵੀ ਸਬ-ਡਿਵੀਜ਼ਨ ਅਹਿਮਦਗੜ੍ਹ ਦੇ ਰੇਟ ਸਭ ਨਾਲੋਂ ਘੱਟ ਤਹਿ ਕੀਤੇ ਹਨ, ਜਿਸਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਐਕੁਵਾਇਰ ਕੀਤੀਆਂ ਜਾਂਦੀਆਂ ਜ਼ਮੀਨਾਂ ਲਈ ਕਦੇ ਵੀ ਕਿਸਾਨਾਂ ਨੂੰ ਰੇਟ ਘੱਟ ਨਹੀਂ ਦਿੱਤਾ ਗਿਆ। ਉਨ੍ਹਾਂ ਜ਼ਿਲ੍ਹਾ ਮਾਲੇਰਕੋਟਲਾ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਸੰਗਰੂਰ ਦੀਆਂ ਦੂਸਰੀਆਂ ਸਬ-ਡਿਵੀਜ਼ਨਾਂ ਵਾਂਗ ਅਹਿਮਦਗੜ੍ਹ ਤੇ ਮਾਲੇਰਕੋਟਲਾ ਸਬ-ਡਿਵੀਜ਼ਨਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਰੇਟ ਤਹਿ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦਿੱਤਾ ਗਿਆ ਤਾ ਪਾਰਟੀ ਵੱਡਾ ਸੰਘਰਸ਼ ਕਰੇਗੀ।