ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਅਗਸਤ
ਭਾਰਤੀ ਰੈਵੋਲੂਸ਼ਨਰੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਸੰਗਰੂਰ ਦਾ ਡੈਲੀਗੇਟ ਇਜਲਾਸ ਲਾਭ ਸਿੰਘ ਨਮੋਲ, ਹਰਦੇਵ ਸਿੰਘ ਘਨੌਰੀ ਅਤੇ ਦੇਵ ਰਾਜ ਵਰਮਾ ਦੀ ਪ੍ਰਧਾਨਗੀ ਹੇਠ ਨੇੜਲੇ ਪਿੰਡ ਸੰਤੋਖਪੁਰਾ ਵਿਖੇ ਹੋਇਆ। ਡੈਲੀਗੇਟਾਂ ਵੱਲੋਂ ਕਿਸਾਨੀ ਘੋਲ ਦੇ ਸ਼ਹੀਦਾਂ ਅਤੇ ਪਾਰਟੀ ਦੇ ਆਗੂ ਕਾਮਰੇਡ ਕੇਵਲ ਕ੍ਰਿਸ਼ਨ ਮੀਮਸਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਦਘਾਟਨੀ ਭਾਸ਼ਨ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਆਰਐੱਸਐੱਸ ਦੇ ਏਜੰਡੇ ਤੇ ਕੰਮ ਕਰ ਰਹੀ ਹੈ। ਜ਼ਿਲ੍ਹਾ ਸਕੱਤਰ ਕਾਮਰੇਡ ਊਧਮ ਸਿੰਘ ਸੰਤੋਖਪੁਰਾ ਵੱਲੋਂ ਜ਼ਿਲ੍ਹੇ ਦੀਆਂ ਸਰਗਰਮੀਆਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਬਹਿਸ ਤੋਂ ਬਾਅਦ ਸਰਬਸੰਤੀ ਨਾਲ ਪਾਸ ਕੀਤੀ ਗਈ। ਇਸ ਮੌਕੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ 19 ਮੈਂਬਰੀ ਪੈਨਲ ਪੇਸ਼ ਕੀਤਾ। ਪੈਨਲ ਵਿੱਚੋਂ ਜ਼ਿਲ੍ਹਾ ਪ੍ਰਧਾਨ ਭੀਮ ਸਿੰਘ ਆਲਮਪੁਰ, ਜਨਰਲ ਸਕੱਤਰ ਊਧਮ ਸਿੰਘ ਸੰਤੋਖਪੁਰਾ, ਖਜ਼ਾਨਚੀ ਸਰਬਜੀਤ ਸਿੰਘ ਤੋਂ ਇਲਾਵਾ ਦੇਵ ਰਾਜ ਵਰਮਾ, ਮੱਖਣ ਸਿੰਘ ਜਖੇਪਲ, ਲਾਭ ਸਿੰਘ ਨਮੋਲ, ਦਰਸ਼ਨ ਸਿੰਘ ਸਫ਼ੀਪੁਰ, ਭੂਰਾ ਸਿੰਘ ਦੁੱਗਾਂ, ਨਿਰਮਲ ਸਿੰਘ ਘਰਾਚੋਂ, ਮਿੱਤ ਸਿੰਘ ਰਾਮਗੜ੍ਹ, ਬੀਰਬਲ ਸਿੰਘ ਲੇਹਲਕਲਾਂ, ਜੰਗ ਸਿੰਘ ਚਾਂਗਲੀ, ਮੁਕੰਦ ਸਿੰਘ ਮੀਮਸਾ, ਰਘਬੀਰ ਸਿੰਘ ਮਾਲੇਰਕੋਟਲਾ, ਦਰਸ਼ਨ ਸਿੰਘ, ਬਲਦੇਵ ਸਿੰਘ ਬਾਜ਼ ਦੌਲੋਵਾਲ, ਜਸਮੇਲ ਕੌਰ, ਨਿਰਮਲ ਕੌਰ ਅਤੇ ਨਾਥ ਸਿੰਘ ਬੇਨੜਾ ਜ਼ਿਲ੍ਹਾ ਕਮੇਟੀ ਮੈਬਰ ਚੁਣੇ ਗਏ। ਪੇਸ਼ ਮਤਿਆਂ ਵਿੱਚ ਵਿਸ਼ੇਸ਼ ਤੌਰ ’ਤੇ ਜੰਮੂ ਕੱਟੜਾ ਰੋਡ ਲਈ ਪਿੰਡ ਸੰਤੋਖਪੁਰਾ ਦੀ ਕਿਸਾਨਾਂ ਦੀ ਨਿਗੂਣੇ ਭਾਅ ’ਤੇ ਗ੍ਰਹਿਣ ਕੀਤੀ ਜ਼ਮੀਨ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਗਈ ਕਿ ਜੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਪਾਰਟੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਕਾਮਰੇਡ ਪ੍ਰਗਟ ਸਿੰਘ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੱਤੀ।