ਮੁਕੰਦ ਸਿੰਘ ਚੀਮਾ
ਸੰਦੌੜ, 21 ਅਪਰੈਲ
ਅਨਾਜ ਮੰਡੀ ਸੰਦੌੜ ਵਿੱਚ ਕਣਕ ਦੀਆਂ ਬੋਰੀਆਂ ਦੇ ਢੇਰ ਲੱਗੇ ਪਏ ਹਨ ਪਰ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਏ ਅਤੇ ਮਜ਼ਦੂਰ ਪ੍ਰੇਸ਼ਾਨ ਹਨ। ਮੌਸਮ ਖਰਾਬ ਹੋਣ ਕਾਰਨ ਹਜ਼ਾਰਾਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਰੱਬ ਆਸਰੇ ਪਈਆਂ ਹਨ। ਮਾਰਕੀਟ ਕਮੇਟੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖਰੀਦ ਏਜੰਸੀ ਵੇਅਰਹਾਊਸ ਵੱਲੋਂ ਅਨਾਜ ਮੰਡੀ ਸੰਦੌੜ ਵਿੱਚ 21 ਅਪਰੈਲ ਤੱਕ 1 ਲੱਖ 37 ਹਜ਼ਾਰ ਦੇ ਕਰੀਬ ਕਣਕ ਦੀਆਂ ਬੋਰੀਆਂ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦਕਿ ਮੰਡੀ ਵਿੱਚ ਹਾਲੇ ਵੀ 77 ਹਜ਼ਾਰ ਤੋਂ ਜ਼ਿਆਦਾ ਬੋਰੀ ਖੁੱਲ੍ਹੇ ਅਸਮਾਨ ਹੇਠ ਪਈ ਹੈ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਬਾਹਰੋਂ ਕਣਕ ਦੀ ਆਮਦ ਰੁਕ ਗਈ ਹੈ ਪਰ ਮੰਡੀ ਵਿੱਚ ਖਰੀਦੀ ਗਈ ਕਣਕ ਦੀ ਫਸਲ ਦੇ ਅੰਬਾਰ ਲੱਗੇ ਪਏ ਹਨ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਬੀਤੀ ਰਾਤ ਤੋਂ ਹੋਈ ਤਬਦੀਲੀ ਕਾਰਨ ਖੁੱਲ੍ਹੇ ਅਸਮਾਨ ਹੇਠ ਪਈਆਂ ਬੋਰੀਆਂ ਖਰਾਬ ਹੋਣ ਦਾ ਖਦਸ਼ਾ ਹੈ। ਜੇਕਰ ਹਲਕੀ ਜਿਹੀ ਬਾਰਸ਼ ਹੋਈ ਤਾਂ ਕਣਕ ਖਰਾਬ ਹੋ ਸਕਦੀ ਹੈ। ਇਸ ਦਾ ਸਿੱਧਾ ਖਮਿਆਜ਼ਾ ਆੜ੍ਹਤੀਆਂ ਅਤੇ ਮਜਦੂਰਾਂ ਨੂੰ ਭੁਗਤਣਾ ਪੈ ਸਕਦਾ ਹੈ।
ਲੇਬਰ ਦੀ ਸਮੱਸਿਆ ਕਾਰਨ ਲਿਫਟਿੰਗ ਦੀ ਰਫਤਾਰ ਮੱਠੀ: ਵੇਅਰਹਾਊਸ ਦੇ ਖਰੀਦ ਅਧਿਕਾਰੀ ਘਣਤੂ ਰਾਮ ਠਾਕਰ ਨੇ ਕਿਹਾ ਕਿ ਲੇਬਰ ਦੀ ਸਮੱਸਿਆ ਕਾਰਨ ਲਿਫਟਿੰਗ ਦੀ ਰਫਤਾਰ ਮੱਠੀ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਅਨਾਜ ਮੰਡੀ ਭਵਾਨੀਗੜ੍ਹ ਅਤੇ ਬਲਾਕ ਦੇ 17 ਖਰੀਦ ਕੇਦਰਾਂ ਵਿੱਚ ਹੁਣ ਤੱਕ 6 ਲੱਖ 39 ਹਜ਼ਾਰ 950 ਕੁਇੰਟਲ ਕਣਕ ਦੀ ਆਮਦ ਹੋਈ ਹੈ। ਮਾਰਕੀਟ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਵਿੱਚੋਂ 6 ਲੱਖ 36 ਹਜ਼ਾਰ 450 ਕੁਇੰਟਲ ਕਣਕ ਖਰੀਦੀ ਜਾ ਚੁੱਕੀ ਹੈ। ਇਸ ਤਰ੍ਹਾਂ ਪਿਛਲੇ ਸੀਜ਼ਨ ਦੇ 10.47 ਲੱਖ ਕੁਇੰਟਲ ਆਮਦ ਦੇ ਮੁਕਾਬਲੇ ਅੱਜ ਤੱਕ ਮੰਡੀਆਂ ਵਿੱਚ ਸਿਰਫ 61 ਫੀਸਦੀ ਕਣਕ ਹੀ ਪਹੁੰਚੀ ਹੈ।
ਜ਼ਿਲ੍ਹਾ ਸੰਗਰੂਰ: 5.90 ਲੱਖ ਮੀਟਰਕ ਟਨ ਕਣਕ ਦੀ ਖਰੀਦ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਬੀਤੀ ਸ਼ਾਮ ਤੱਕ ਪੁੱਜੀ 5 ਲੱਖ 94 ਹਜ਼ਾਰ 697 ਮੀਟਰਕ ਟਨ ਕਣਕ ਵਿੱਚੋਂ 5 ਲੱਖ 90 ਹਜ਼ਾਰ 791 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਖਰੀਦ ਏਜੰਸੀਆਂ ਦੁਆਰਾ ਖਰੀਦੀ ਗਈ ਕਣਕ ਦੀ ਕਿਸਾਨਾਂ ਨੂੰ 918.08 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਖਰੀਦੀ ਕਣਕ ਦੀ ਸਮੇਂ ਸਿਰ ਲਿਫਟਿੰਗ ਅਤੇ ਅਦਾਇਗੀ ਕਰਨ ਲਈ ਪਾਬੰਦ ਕੀਤਾ ਗਿਆ ਹੈ ਅਤੇ ਸਬ-ਡਵੀਜ਼ਨ ਪੱਧਰ ’ਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਸਮੁੱਚੀ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਏਜੰਸੀਆਂ ਵੱਲੋਂ 5 ਲੱਖ 2 ਹਜ਼ਾਰ 17 ਮੀਟਰਕ ਟਨ ਕਣਕ ਜਦਕਿ ਪ੍ਰਾਈਵੇਟ ਵਪਾਰੀਆਂ ਵੱਲੋਂ 88 ਹਜ਼ਾਰ 774 ਮੀਟਰਕ ਟਨ ਕਣਕ ਖਰੀਦੀ ਗਈ ਹੈ।