ਪਵਨ ਕੁਮਾਰ ਵਰਮਾ
ਧੂਰੀ, 6 ਅਗਸਤ
ਮਾਲਵੇ ਦੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਸੁਰਿੰਦਰ ਸ਼ਰਮਾ ਨਾਗਰਾ ਵੱਲੋਂ ਲਿਖੀ ਕਿਤਾਬ ‘ਮਾਲਵੇ ਦੇ ਸੱਭਿਆਚਾਰ ਦੀ ਖੁਸ਼ਬੋਈ’ ਇੱਥੇ ਅੱਜ ਲੋਕ ਅਰਪਣ ਕੀਤੀ ਗਈ।
ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਦਫਤਰ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ, ਸਾਹਿਤ ਸਭਾ ਧੂਰੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸ਼ਰਮਾ ਨਾਗਰਾ ਤੇ ਬਾਬਾ ਸਿੱਧ ਘੁਮਾਣ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਸ਼ਾਮਿਲ ਸਨ। ਪ੍ਰਧਾਨਗੀ ਮੰਡਲ ਸਮੇਤ ਨਾਗਰਾ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਕਿਤਾਬ ਲੋਕ ਅਰਪਣ ਕੀਤੀ ਗਈ। ਡਾ. ਤੇਜਵੰਤ ਮਾਨ ਤੇ ਪਵਨ ਹਰਚੰਦਪੁਰੀ ਕਿਹਾ ਕਿ ਨਾਗਰਾ ਪਿੰਡ ਦੇ ਇਤਿਹਾਸ ’ਚ ਹੀ ਸਮੁੱਚੇ ਮਾਲਵੇ ਦੀ ਵਿਰਾਸਤ ਅਤੇ ਸੱਭਿਆਚਾਰ ਸਮੋਇਆ ਹੋਇਆ ਹੈ ਜਿਸ ਦਾ ਵਰਨਣ ਕਿਤਾਬ ਵਿੱਚ ਕੀਤਾ ਹੋਇਆ ਹੈ। ਇਸ ਮੌਕੇ ਸੁਰਿੰਦਰ ਸ਼ਰਮਾ ਨਾਗਰਾ ਨੇ ਕਿਹਾ ਕਿ ਕਿਤਾਬ ਲਿਖ ਕੇ ਉਨ੍ਹਾਂ ਆਪਣੇ ਪਿੰਡ ਦੀ ਮਿੱਟੀ ਤੇ ਸੱਭਿਆਚਾਰ ਨੂੰ ਸਜਦਾ ਕੀਤਾ ਹੈ। ਇਸ ਮੌਕੇ ਪਤਵੰਤਿਆਂ ਤੇ ਮਹਿਮਾਨਾਂ ਨੇ ਸੁਰਿੰਦਰ ਸ਼ਰਮਾ ਨਾਗਰਾ ਦਾ ਧੰਨਵਾਦ ਕੀਤਾ।