ਪਵਨ ਕੁਮਾਰ ਵਰਮਾ
ਧੂਰੀ, 10 ਸਤੰਬਰ
ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਦੇ ਵਿਹੜੇ ਵਿੱਚ ਸਾਹਿਤ ਸਭਾ ਧੂਰੀ ਵੱਲੋਂ ਪੁਸਤਕ ਲੋਕ ਅਰਪਣ ਸਮਾਗਮ ਕੀਤਾ ਗਿਆ। ਇਸ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਨੇ ਡਾ. ਤੇਜਵੰਤ ਮਾਨ ਕੀਤੀ। ਇਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਕ੍ਰਿਪਾਲ ਸਿੰਘ ਜਵੰਧਾ ਸ਼ਾਮਲ ਹੋਏ।
ਪਵਨ ਹਰਚੰਦਪੁਰੀ ਸਭਾ ਦੇ ਪ੍ਰਧਾਨ ਅਤੇ ਕੇਂਦਰ ਸਭਾ (ਸੇਖੋਂ) ਦੇ ਜਨਰਲ ਸਕੱਤਰ ਨੇ ਕਿਤਾਬ ਦੇ ਲੇਖਕ ਕਵੀਸ਼ਰ ਅਤੇ ਸਾਰੰਗੀ ਵਾਦਿਕ ਤਰਸੇਮ ਸਿੰਘ ਸੇਮੀ ਦੀ ਪੁਸਤਕ ‘ਨਾਨਕ ਜੋਤ’ ਸਾਰਿਆਂ ਨੇ ਲੋਕ ਅਰਪਣ ਕੀਤੀ। ਸਭ ਤੋਂ ਪਹਿਲਾਂ ਪਵਨ ਹਰਚੰਦਪੁਰੀ ਨੇ ਤਰਸੇਮ ਸਿੰਘ ਸੇਮੀ ਅਤੇ ਇਸ ਦੀ ਪੁਸਤਕ ਬਾਰੇ ਜਾਣਕਾਰੀ ਦਿੱਤੀ। ਹਰਚੰਦਪੁਰੀ ਨੇ ਕਿਹਾ ਕਿ ਇਸ ਪੁਸਤਕ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਖੰਡ ਕਾਵਿ ਰੂਪੀ ਰਚਨਾ ਵਜੋਂ ਸਵੀਕਾਰਿਆ ਹੈ। ਡਾ. ਤੇਜਵੰਤ ਮਾਨ ਨੇ ਤਰਸੇਮ ਸਿੰਘ ਸੇਮੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਇਕਤਵ ਨੂੰ ਉਭਾਰਨ ਵਾਲੀ ਇਹ ਪੁਸਤਕ ਆਪਣੀਆਂ ਬੇ-ਸ਼ੁਮਾਰ ਖੂਬੀਆਂ ਕਾਰਨ ਜਾਣੀ ਜਾਵੇਗੀ। ਗੁਲਜ਼ਾਰ ਸਿੰਘ ਸ਼ੌਂਕੀ ਨੇ ਕਿਹਾ ਕਿ 216 ਸਫੇ ਦੀ ਇਸ ਪੁਸਤਕ ’ਚ ਲਿਖੀਆਂ ਸਾਰੀਆਂ ਕਵਿਤਾਵਾਂ ਕਵੀਸ਼ਰਾਂ ਅਤੇ ਢਾਡੀਆਂ ਵੱਲੋਂ ਗਾਈਆਂ ਜਾਣਗੀਆਂ। ਇਤਿਹਾਸਕਾਰ ਸੁਰਿੰਦਰ ਸਿੰਘ ਰਾਜਪੂਤ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਦਰਸਾਉਣ ਵਾਲੀ ਇਹ ਪੁਸਤਕ ਆਪਣੀ ਮਿਸਾਲ ਆਪ ਹੈ। ਇਸ ਕਿਤਾਬ ਉੱਪਰ ਪ੍ਰਿੰ. ਕ੍ਰਿਪਾਲ ਸਿੰਘ ਜਵੰਧਾ, ਸੁਰਿੰਦਰ ਨਾਗਰਾ, ਸੁਖਦੇਵ ਸ਼ਰਮਾ, ਅਮਰ ਗਰਗ ਕਲਮਦਾਨ, ਗੁਰਜੀਤ ਸਿੰਘ ਜਹਾਂਗੀਰ, ਬਲਵਿੰਦਰ ਸਿੰਘ ਖੇੜੀ ਤੇ ਡਾ. ਰਾਜਿੰਦਰ ਪਾਲ ਨੇ ਆਪਣੇ-ਆਪਣੇ ਵਿਚਾਰ ਰੱਖੇ।
ਇਸ ਮੌਕੇ ਤਰਸੇਮ ਸਿੰਘ ਸੇਮੀ ਦਾ ਲੋਈ ਅਤੇ ਕਿਤਾਬਾਂ ਦੇ ਕੇ ਸਭਾ ਵੱਲੋਂ ਸਨਮਾਨ ਕੀਤਾ ਗਿਆ। ਤਰਸੇਮ ਸਿੰਘ ਨੂੰ ਬਾਬਾ ਅਵਤਾਰ ਸਿੰਘ ਘਰਿਆਲਾ ਵੱਲੋਂ ਸੋਨੇ ਦਾ ਕੈਂਠਾ, 5100 ਰੁਪਏ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਨ ’ਤੇ ਵਧਾਈ ਦਿੱਤੀ। ਇਸ ਮੌਕੇ ਡਾ. ਤੇਜਵੰਤ ਮਾਨ ਦੀ ਪੁੱਤਰੀ ਤੇਜਿੰਦਰ ਕੌਰ ਸੋਹੀ ਲੈਕਚਰਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਨੂੰ ਰਾਜ ਪੁਰਸਕਾਰ ਮਿਲਣ ’ਤੇ ਮੁਬਾਰਿਕਬਾਦ ਦਿੱਤੀ। ਅੰਤ ਵਿੱਚ ਗੁਲਜ਼ਾਰ ਸਿੰਘ ਸ਼ੌਂਕੀ ਨੇ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।