ਪੱਤਰ ਪ੍ਰੇਰਕ
ਭਵਾਨੀਗੜ੍ਹ, 13 ਨਵੰਬਰ
ਇੱਥੇ ਬਾਬਾ ਨਾਮਦੇਵ ਜੀ ਦੇ 751ਵੇਂ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਨਾਮਦੇਵ ਜੀ ਤੋਂ ਸ਼ੁਰੂ ਹੋ ਕੇ ਵਿਸ਼ਵਕਰਮਾ ਮੰਦਰ, ਅਨਾਜ ਮੰਡੀ, ਗੁਰਦੁਆਰਾ ਭਗਤ ਰਵਿਦਾਸ, ਮੁੱਖ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਕ, ਗੁਰਦੁਆਰਾ ਪਾਤਸ਼ਾਹੀ ਨੌਵੀਂ, ਟਰੱਕ ਯੂਨੀਅਨ, ਬਾਲਦ ਕੈਂਚੀਆਂ, ਗੁਰਦੁਆਰਾ ਸੰਗਤਸਰ ਤੋਂ ਹੁੰਦਾ ਹੋਇਆ ਗੁਰੂ ਘਰ ਵਿਖੇ ਹੀ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਕਵੀਸ਼ਰੀ ਜਥੇ ਤੇ ਕੀਰਤਨੀ ਜਥੇ ਬਾਬਾ ਨਾਮਦੇਵ ਜੀ ਦੀ ਜੀਵਨੀ ਸਬੰਧੀ ਜਾਗਰੂਕ ਕਰ ਰਹੇ ਸਨ। ਥਾਂ-ਥਾਂ ’ਤੇ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਗ੍ਰੰਥੀ ਬਲਜੀਤ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ, ਮਾਸਟਰ ਗੁਰਚਰਨ ਸਿੰਘ, ਹਰਭਜਨ ਸਿੰਘ ਹੈਪੀ, ਮਾਲਵਿੰਦਰ ਸਿੰਘ ਭਵਾਨੀਗੜ੍ਹ, ਸੁਖਪਾਲ ਸਿੰਘ, ਰਘਵੀਰ ਸਿੰਘ, ਜਰਨੈਲ ਸਿੰਘ,ਗੁਰਵਿੰਦਰ ਸਿੰਘ ਸੱਗੂ ਅਤੇ ਹਰਜਿੰਦਰ ਸਿੰਘ ਨੇ ਬਾਬਾ ਨਾਮਦੇਵ ਜੀ ਵੱਲੋਂ ਦਿੱਤੇ ਸੰਦੇਸ਼ ’ਤੇ ਅਮਲ ਕਰਨ ਦੀ ਅਪੀਲ ਕੀਤੀ।
ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆਂ
ਘਨੌਰ (ਪੱਤਰ ਪ੍ਰੇਰਕ): ਕਸਬਾ ਘਨੌਰ ਦੇ ਗੁਰਦੁਆਰਾ ਸਿੰਘ ਸਭਾ ਅਤੇ ਪਿੰਡ ਮਰਦਾਂਪੁਰ ਦੇ ਅਬਾਦੀ ਵਿਚਲੇ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਭਾਤ ਫੇਰੀਆ ਆਰੰਭ ਹੋ ਗਈਆਂ ਹਨ। ਇਸ ਪ੍ਰਭਾਤ ਫੇਰੀਆਂ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਨਿੱਤ ਨੇਮ ਉਪਰੰਤ ਅਰਦਾਸ ਕਰਕੇ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਸਜਾਈਆਂ ਜਾ ਰਹੀਆਂ ਹਨ। ਇਸ ਵਿੱਚ ਵੱਡੀ ਗਿਣਤੀ ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਸ਼ਾਮਲ ਹੋ ਰਹੀ ਹੈ। ਮਰਦਾਂਪੁਰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਗਿਆਨੀ ਮਹਿੰਦਰ ਸਿੰਘ, ਧਰਮ ਸਿੰਘ, ਮੁਖਤਿਆਰ ਸਿੰਘ ਤੇ ਸੁਦਾਗਰ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਪਰਭਾਤ ਫੇਰੀਆਂ 17 ਨਵੰਬਰ ਤੱਕ ਜਾਰੀ ਰਹਿਣਗੀਆ।