ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਜੂਨ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਅੱਜ ਪੰਦਰਾਂ ਦਿਨ ਚੋਣ ਪ੍ਰਚਾਰ ਕਰਨ ਮਗਰੋਂ ਆਰਾਮ ਕੀਤਾ ਅਤੇ ਕਾਂਗਰਸੀ ਵਰਕਰਾਂ ਦੀ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਲੋਕ ਸਭਾ ’ਚ ਮਹਿਜ 44 ਫੀਸਦੀ ਵੋਟਾਂ ਪੈਣਾ ‘ਆਪ’ ਸਰਕਾਰ ਲਈ ਖਤਰੇ ਦੀ ਘੰਟੀ ਹੈ। ਉਧਰ, ‘ਆਪ’ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਵੋਟ ਫ਼ੀਸਦੀ ਝੋਨੋ ਦੀ ਲਵਾਈ ਦੇ ਸੀਜ਼ਨ ਕਾਰਨ ਘਟੀ ਹੈ, ਨਾ ਕਿ ‘ਆਪ’ ਸਰਕਾਰ ਤੋਂ ਨਾਰਾਜਗੀ ਕਾਰਨ।
ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ ਦਾ ਉਮੀਦਵਾਰ ਦਲਵੀਰ ਗੋਲਡੀ ਦੇ ਜਿੱਤਣ ਦੀ ਉਮੀਦ ਵਧੀ ਹੈ। ਉਨ੍ਹ੍ਵਾਂ ‘ਆਪ’ ’ਤੇ ਵਰ੍ਹਦਿਆਂ ਕਿਹਾ ਕਿ ਕਿ ਪੰਜਾਬ ਦੇ ਲੋਕਾਂ ਦਾ ਮੋਹ ਤਿੰਨ ਮਹੀਨੇ ਦੀ ਸਰਕਾਰ ਬਣਨ ਮਗਰੋਂ ਭੰਗ ਹੋ ਚੁੱਕਿਆ ਹੈ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਸਿਰ ਪਹਿਲਾਂ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਸੀ, ਪਰ ਤਿੰਨ ਮਹੀਨਿਆਂ ਮਗਰੋਂ ਨੌਂ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੋਰ ਚੜ੍ਹ ਗਿਆ ਹੈ। ਇਸ ਮੌਕੇ ਰਾਹੁਲਇੰਦਰ ਸਿੰਘ ਸਿੱਧੂ, ਰਵਿੰਦਰ ਟੂਰਨਾ, ਰਾਜੇਸ਼ ਭੋਲਾ ਬਲਾਕ ਕਾਂਗਰਸ ਪ੍ਰਧਾਨ, ਈਸ਼ਵਰ ਚੰਦ, ਜੀਵਨ ਕੁਮਾਰ ਆਦਿ ਹਾਜ਼ਰ ਸਨ।