ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਅਗਸਤ
ਪੰਜਾਬ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਵੇਖਣ ਕਰਵਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਦੇਖ-ਰੇਖ ’ਚ ਹੋਣ ਵਾਲੇ ਇਸ ਸਰਵੇਖਣ ਦੀ ਤਿਆਰੀ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ’ਪੰਜਾਬ ਪ੍ਰਾਪਤੀ ਸਰਵੇਖਣ’ (ਪੰਜਾਬ ਅਚੀਵਮੈਂਟ ਸਰਵੇ) ਦੀ ਤਿਆਰੀ ਲਈ ਡੀਪੀਆਈਜ਼, ਨੋਡਲ ਅਫਸਰਾਂ, ਜਿਲ੍ਹਾ ਸਿੱਖਿਆ ਅਫਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੇ ਹੋਰਨਾਂ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ ਮਲਕੀਤ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੇਂਟਰੀ ਡਾ. ਪ੍ਰਭਸਿਮਰਨ ਕੌਰ ਨੇ ਦੱਸਿਆ ਕਿ ਸਰਵੇਖਣ ’ਚ ਚਲੰਤ ਵਿਦਿਅਕ ਸ਼ੈਸ਼ਨ 2020-21 ਦੌਰਾਨ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ’ਚ ਵਿੱਦਿਅਕ ਗੁਣਵੱਤਾ ਦੀ ਪਰਖ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਵੇਖਣ ਦੀ ਸ਼ੁਰੂਆਤ ਅਗਸਤ ਮਹੀਨੇ ’ਚ ਹੋਣ ਵਾਲੇ ਪ੍ਰਸ਼ਨੋਤਰੀ ਨਾਲ ਹੋਵੇਗੀ ਅਤੇ ਇਸ ਤੋਂ ਪੰਦਰਾਂ ਦਿਨ ਬਾਅਦ ਫਿਰ ਸਰਵੇਖਣ ਸਬੰਧੀ ਪ੍ਰਸ਼ਨੋਤਰੀ (ਕੁਇਜ਼) ਹੋਵੇਗੀ। ਸਤੰਬਰ ਮਹੀਨੇ ’ਚ ਬੱਚਿਆਂ ਦਾ ਪਹਿਲਾ ਮੌਕ ਟੈਸਟ ਹੋਵੇਗਾ। ਦੂਸਰਾ ਮੌਕ ਟੈਸਟ ਅਕਤੂਬਰ ਤੇ ਤੀਸਰਾ ਟੈਸਟ ਨਵੰਬਰ ਮਹੀਨੇ ’ਚ ਨੇਪਰੇ ਚੜੇਗਾ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਲਈ ਕੋਈ ਅਲੱਗ ਪਾਠਕ੍ਰਮ ਨਹੀਂ ਹੋਵੇਗਾ ਅਤੇ ਇਹ ਪਹਿਲਾ ਤੋਂ ਪੜ੍ਹ ਰਹੇ ਵਿਸ਼ਿਆ ਦੇ ਪਾਠਕ੍ਰਮ ’ਤੇ ਅਧਾਰਤ ਹੀ ਹੋਵੇਗਾ।