ਪੱਤਰ ਪ੍ਰੇਰਕ
ਸ਼ੇਰਪੁਰ, 3 ਜੁਲਾਈ
ਬਲਾਕ ਸ਼ੇਰਪੁਰ ਦੇ ਚਾਰ ਪਿੰਡਾਂ ’ਚ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਲਈ ਤਰੀਕਾਂ ਨਾ ਐਲਾਨੇ ਜਾਣ ਤੋਂ ਨਾਰਾਜ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਬਲਾਕ ਮੀਟਿੰਗ ਵਿੱਚ 7 ਜੁਲਾਈ ਨੂੰ ਬੀਡੀਪੀਓ ਦਫ਼ਤਰ ਸ਼ੇਰਪੁਰ ਦੇ ਦਫ਼ਤਰ ਨੂੰ ਜਿੰਦਾ ਲਗਾਏ ਜਾਣ ਦਾ ਫੈਸਲਾ ਕੀਤਾ ਹੈ।
ਸ਼ੇਰਪੁਰ ਦੀ ਅੰਬੇਦਕਾਰ ਧਰਮਸ਼ਾਲਾ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਬਾਰੇ ਜ਼ੋਨਲ ਆਗੂ ਜਸਵੰਤ ਸਿੰਘ ਖੇੜੀ, ਬਲਾਕ ਆਗੂ ਸ਼ਿੰਗਾਰਾ ਸਿੰਘ, ਸਿੰਦਰ ਹੇੜੀਕੇ ਅਤੇ ਜਸਵੀਰ ਕੌਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਮਜ਼ਦੂਰਾਂ ਨੂੰ ਸਾਂਝੀ ਖੇਤੀ ਲਈ ਜ਼ਮੀਨਾਂ ਦੇਣ ਸਬੰਧੀ ਮਿਲੇ ਵਫ਼ਦ ਕੋਲ ਸਹਿਮਤੀ ਪ੍ਰਗਟਾ ਚੁੱਕੇ ਹਨ ਪਰ ਦੂਜੇ ਪਾਸੇ ਸ਼ੇਰਪੁਰ ਦਾ ਬੀਡੀਪੀਓ ਦਾ ਰਵੱਈਆ ਕਥਿਤ ਹੈਂਕੜ ਭਰਿਆ ਹੈ। ਇਸ ਦੇ ਮੱਦੇਨਜ਼ਰ 7 ਜੁਲਾਈ ਨੂੰ ਬੀਡੀਪੀਓ ਸ਼ੇਰਪੁਰ ਦੇ ਦਫ਼ਤਰ ਨੂੰ ਜਿੰਦਾ ਲਗਾਇਆ ਜਾਵੇਗਾ ਅਤੇ ਬੀਡੀਪੀਓ ਸ਼ੇਰਪੁਰ ਨੂੰ ਵੀ ਘੇਰਿਆ ਜਾਵੇਗਾ।