ਜਸਵੰਤ ਸਿੰਘ ਚੀਮਾ
ਸੰਦੌੜ, 13 ਫਰਵਰੀ
ਨੇੜਲੇ ਪਿੰਡ ਮਹੋਲੀ ਖੁਰਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਅਤੇ ਕੁਝ ਕਾਂਗਰਸੀ ਵਰਕਰਾਂ ਵਿਚਾਲੇ ਤਕਰਾਰ ਹੋਣ ਕਾਰਨ ਮਾਹੌਲ ਗਰਮ ਹੋ ਗਿਆ।
ਜਾਣਕਾਰੀ ਅਨੁਸਾਰ ਕਾਂਗਰਸੀ ਉਮੀਦਵਾਰ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਪਿੰਡ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਕਿਸਾਨ ਯੂਨੀਅਨ ਦੇ ਆਗੂ ਰਜ਼ੀਆ ਸੁਲਤਾਨਾ ਦੇ ਨਾਲ ਕੁਝ ਸਵਾਲ ਜਵਾਬ ਕਰਨਾ ਚਾਹੁੰਦੇ ਸਨ। ਯੂਨੀਅਨ ਦੇ ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ ਨੇ ਕਿਹਾ ਕਿ ਕਿਸਾਨ ਸਿਰਫ ਰਜ਼ੀਆ ਸੁਲਤਾਨਾ ਕੋਲੋਂ ਕਰਜ਼ਾ ਮੁਆਫੀ, ਘਰ ਘਰ ਨੌਕਰੀ ਅਤੇ ਬੇਰੁਜ਼ਗਾਰ ਨੌਜਵਾਨਾਂ ’ਤੇ ਪੁਲੀਸ ਦੇ ਤਸ਼ੱਦਦ ਸਬੰਧੀ ਸਵਾਲ ਕਰ ਰਹੇ ਸਨ ਤਾਂ ਅਚਾਨਕ ਉਥੇ ਕਾਂਗਰਸੀ ਵਰਕਰਾਂ ਨੇ ਕਿਸਾਨਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮਾਮਲਾ ਭਖ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਾਂਗਰਸੀ ਪਿਛਲੇ ਪੰਜ ਸਾਲਾਂ ਦਾ ਹਿਸਾਬ ਦੇਣ ਤੋਂ ਭੱਜ ਰਹੇ ਹਨ। ਭੜਕੇ ਕਿਸਾਨਾਂ ਨੇ ਰਜ਼ੀਆ ਸੁਲਤਾਨਾ ਦੇ ਅਗਲੇ ਪਿੰਡ ਫਰਵਾਲੀ ਵਿੱਚ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ। ਪਿੰਡ ਫਰਵਾਲੀ ਵਿੱਚ ਪ੍ਰਚਾਰ ਕਰਨ ਪਹੁੰਚੀ ਰਜ਼ੀਆ ਸੁਲਤਾਨਾ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਖੁਦ ਸਟੇਜ ’ਤੇ ਆ ਕੇ ਕਿਹਾ ਕਿ ਜੇ ਕਿਸੇ ਕਾਂਗਰਸੀ ਵਰਕਰ ਨੇ ਕਿਸਾਨਾਂ ਨਾਲ ਗਲਤ ਬਿਆਨਬਾਜ਼ੀ ਕੀਤੀ ਹੈ ਤਾਂ ਉਹ ਖੁਦ ਕਿਸਾਨਾਂ ਤੋਂ ਮੁਆਫੀ ਮੰਗਦੇ ਹਨ। ਰਜ਼ੀਆ ਸੁਲਤਾਨਾ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨਾਂ ਦਾ ਸਤਿਕਾਰ ਕਰਦੇ ਹਨ।