ਪੱਤਰ ਪ੍ਰੇਰਕ
ਅਮਰਗੜ੍ਹ, 17 ਅਕਤੂਬਰ
ਇੱਥੋਂ ਨੇੜਲੇ ਪਿੰਡ ਬਾਗੜੀਆਂ ਵਿੱਚ ਇੱਕ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਸਕੂਟਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਬਾਗੜੀਆਂ-ਧੂਰੀ ਰੋਡ ਕੂਹਣੀ ਮੋੜ ਉੱਪਰ ਟਰੈਕਟਰ ਟਰਾਲੀ ਦੀ ਲਪੇਟ ’ਚ ਆਉਣ ਕਾਰਨ ਸਕੂਟਰ ਚਾਲਕ ਦਲੀਪ ਸਿੰਘ ਪੁੱਤਰ ਰਾਜਨ ਪਿੰਡ ਬਾਗੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਦੌਰਾਨ ਕਥਿਤ ਦੋਸ਼ੀ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ਮਗਰੋਂ ਮੌਕੇ ’ਤੇ ਪਹੁੰਚੇ ਸਾਬਕਾ ਸਰਪੰਚ ਪਰਮਜੀਤ ਸਿੰਘ, ਜਥੇਦਾਰ ਰਣਜੀਤ ਸਿੰਘ, ਕਰਮਜੀਤ ਸਿੰਘ ਸੋਹੀ ਅਤੇ ਦਰਸ਼ਨ ਸਿੰਘ ਦਿਓਲ ਨੇ ਵਾਪਰੇ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਸਾਰੇ ਮੋੜਾਂ ਉੱਪਰ ਸਾਈਡ ਗਲਾਸ ਲਗਾਉਣ ਦੀ ਮੰਗ ਕੀਤੀ ਹੈ ਤਾਂ ਕਿ ਅਜਿਹੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ।
ਦੋ ਸੜਕ ਹਾਦਸਿਆਂ ਵਿੱਚ ਔਰਤ ਸਮੇਤ ਤਿੰਨ ਜ਼ਖ਼ਮੀ
ਘਨੌਰ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਦੌਰਾਨ ਇੱਕ ਔਰਤ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੁਰਪ੍ਰੀਤ ਕੁਮਾਰ ਵਾਸੀ ਪਿੰਡ ਚਤਰ ਨਗਰ ਨੇ ਸ਼ੰਭੂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁੱਦਈ ਆਪਣੇ ਪਰਿਵਾਰ ਸਮੇਤ ਗੱਡੀ ਵਿੱਚ ਘੱਗਰ ਸਰਾਏ-ਕਬੂਲਪੁਰ ਰੋਡ ’ਤੇ ਪਿੰਡ ਜਖੇਪਲ ਨੇੜੇ ਜਾ ਰਿਹਾ ਸੀ ਕਿ ਇੱਕ ਤੇਜ਼ ਰਫ਼ਤਾਰ ਕਾਰ ਨੇ ਮੁਦਈ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੁੱਦਈ ਅਤੇ ਉਸ ਦੀ ਮਾਤਾ ਜ਼ਖ਼ਮੀ ਹੋ ਗਏ। ਦੂਜਾ ਹਾਦਸਾ ਸ਼ੰਭੂ ਬੈਰੀਅਰ ਤੋਂ ਬਨੂੜ ਵੱਲ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਪਿੰਡ ਬਾਸਮਾਂ ਕਲੋਨੀ ਨੇੜੇ ਵਾਪਰਿਆ ਜਿੱਥੇ ਸਕੂਟਰੀ ਸਵਾਰ ਦਲਵੀਰ ਸਿੰਘ ਵਾਸੀ ਪਿੰਡ ਸ਼ੰਭੂ ਕਲਾਂ ਨੂੰ ਇੱਕ ਥ੍ਰੀਵੀਲਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਮੁੱਦਈ ਜ਼ਖ਼ਮੀ ਹੋ ਗਿਆ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕਾਂ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਰ-ਮੋਟਰਸਾਈਕਲ ਦੀ ਟੱਕਰ ’ਚ ਮਾਂ-ਧੀ ਜ਼ਖ਼ਮੀ
ਸਮਾਣਾ: ਪਿੰਡ ਨੱਸੂਪੁਰ ਨੇੜੇ ਇੱਕ ਕਾਰ ਤੇ ਬੁਲੇਟ ਮੋਟਰਸਾਈਕਲ ਦੀ ਟੱਕਰ ’ਚ ਬੁਲੇਟ ਸਵਾਰ ਮਾਂ-ਬੇਟੀ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਹੈ। ਜਾਂਚ ਅਧਿਕਾਰੀ ਸਦਰ ਪੁਲੀਸ ਦੇ ਏ.ਐੱਸ.ਆਈ. ਰਾਜ ਕੁਮਾਰ ਨੇ ਦੱਸਿਆ ਕਿ ਬੁਲੇਟ ਸਵਾਰ ਅੰਮ੍ਰਿਤ ਕੌਰ (20) ਆਪਣੀ ਮਾਤਾ ਲਖਵਿੰਦਰ ਕੌਰ ਨਿਵਾਸੀ ਸਮਾਣਾ ਨੂੰ ਨਾਲ ਲੈ ਕੇ ਪਿੰਡ ਨੱਸੂਪੁਰ ਜਾ ਰਹੀ ਸੀ ਕਿ ਅੱਗੇ ਜਾ ਰਹੀ ਇੱਕ ਬੱਸ ਨੂੰ ਓਵਰਟੇਕ ਕਰਦੇ ਹੋਏ ਸਾਹਮਣਿਓਂ ਆ ਰਹੀ ਇੱਕ ਕਾਰ ਨਾਲ ਟਕਰਾ ਗਈ ਅਤੇ ਬੁਲੇਟ ਸਣੇ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀ ਮਾਂ-ਬੇਟੀ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ’ਚ ਕਾਰ ਕਾਫ਼ੀ ਨੁਕਸਾਨੀ ਗਈ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ