ਪੱਤਰ ਪ੍ਰੇਰਕ
ਲਹਿਰਾਗਾਗਾ, 14 ਅਕਤੂਬਰ
ਨੇੜਲੇ ਪਿੰਡ ਸੇਖੂਵਾਸ ਵਿੱਚ ਕਰੰਟ ਲੱਗਣ ਕਾਰਨ ਇਕ ਸਕੂਲੀ ਲੜਕੀ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਹੈ। ਧਰਮ ਪ੍ਰਚਾਰ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਰਾਮਪਾਲ ਸਿੰਘ ਨੇ ਦੱਸਿਆ ਕਿ ਦਲਿਤ ਪਰਿਵਾਰ ਦੀ ਲੜਕੀ ਖੁਸ਼ਪ੍ਰੀਤ ਕੌਰ (12) ਪੁੱਤਰੀ ਬਾਬੂ ਸਿੰਘ ਪਿੰਡ ਦੇ ਸਕੂਲ ਵਿੱਚ ਛੇਵੀਂ ਵਿੱਚ ਪੜ੍ਹਦੀ ਸੀ ਅਤੇ ਉਹ ਪਿੰਡ ਦੇ ਗੁਰੂਘਰ ਵਿੱਚ ਖੇਡ ਰਹੀ ਸੀ।
ਇਸ ਦੌਰਾਨ ਗੁਰੂਘਰ ’ਚ ਬਰੋਟੇ ਦੇ ਦਰੱਖਤ ਦੇ ਆਲੇ ਦੁਆਲੇ ਲੋਹੇ ਦਾ ਜਾਲ ਲਾਇਆ ਹੋਇਆ ਸੀ ਤਾਂ ਜੋ ਬੱਚੇ ਬਰੋਟੇ ’ਤੇ ਚੜ੍ਹ ਕੇ ਸੱਟ ਨਾ ਖਾ ਲੈਣ। ਜਦੋਂ ਲੜਕੀ ਖੁਸ਼ਪ੍ਰੀਤ ਕੌਰ ਖੇਡ ਰਹੀ ਸੀ ਤਾਂ ਅਚਾਨਕ ਬਰੋਟੇ ਦੇ ਆਲੇ ਦੁਆਲੇ ਲੱਗੇ ਜਾਲ ਵਿੱਚ ਕਰੰਟ ਆ ਗਿਆ। ਜਿਸ ਕਾਰਨ ਇਹ ਛੋਟੀ ਬੱਚੀ ਕਰੰਟ ਦੀ ਲਪੇਟ ਵਿੱਚ ਆ ਗਈ ਤੇ ਉਸਦੀ ਮੌਤ ਹੋ ਗਈ। ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਪਿੰਡ ਦੇ ਸਾਬਕਾ ਸਰਪੰਚ ਛੱਜੂ ਸਿੰਘ ਧਾਲੀਵਾਲ, ਸਾਬਕਾ ਸਰਪੰਚ ਲੀਲਾ ਸਿੰਘ, ਸਾਬਕਾ ਸਰਪੰਚ ਕੌਰ ਸਿੰਘ ਮਾਨ ਨੇ ਮੰਗ ਕੀਤੀ ਹੈ ਕਿ ਇਹ ਪਰਿਵਾਰ ਗਰੀਬ ਵਰਗ ਨਾਲ ਸਬੰਧਤ ਹੈ ਇਸ ਲਈ ਸਰਕਾਰ ਤੇ ਐੱਸਜੀਪੀਸੀ ਨੂੰ ਪਰਿਵਾਰ ਦੀ ਸਰਕਾਰ ਆਰਥਿਕ ਮਦਦ ਕਰਨੀ ਚਾਹੀਦੀ ਹੈ।
ਸਕੂਲ ਦੇ ਅਧਿਆਪਕਾਂ ਅਨੁਸਾਰ ਇਹ ਵਿਦਿਆਰਥਣ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮੋਹਰੀ ਰਹਿੰਦੀ ਰਹੀ ਹੈ।