ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਅਕਤੂਬਰ
ਇਥੇ ਸਿਵਲ ਹਸਪਤਾਲ ਦੇ ਨਜ਼ਦੀਕ ਭਗਵਾਨ ਮਹਾਵੀਰ ਚੌਕ ਵਿੱਚ ਸਥਿਤ ਪੁਰਾਣੀ ਗੁਰੂ ਨਾਨਕ ਸਰਾਂ ਵਾਲੀ ਜਗ੍ਹਾ ਵਿੱਚ ਚੱਲ ਰਹੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨੂੰ ਕਿਸੇ ਹੋਰ ਥਾਂ ਤਬਦੀਲ ਕਰਕੇ ਸਰਾਂ ਨੂੰ ਖਾਲੀ ਕਰਾਉਣ ਦੀ ਮੰਗ ਨੂੰ ਲੈ ਕੇ ਦੋ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਲਗਾਤਾਰ ਤੀਜੇ ਦਿਨ ਵੀ ਮਰਨ ਵਰਤ ਅਤੇ ਭੁੱਖ ਹੜਤਾਲ ’ਤੇ ਡਟੇ ਰਹੇ। ਲੋਕ ਭਲਾਈ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ ਮਰਨ ਵਰਤ ਅਤੇ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੇ ਪ੍ਰਧਾਨ ਸਤਿੰਦਰ ਸੈਣੀ ਭੁੱਖ ਹੜਤਾਲ ’ਤੇ ਬੈਠੇ ਹਨ। ਸੰਘਰਸ਼ ਦੇ ਤੀਜੇ ਦਿਨ ਅੱਜ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਬਿੀਆ ਆਪਣੇ ਸਾਥੀਆਂ ਸਮੇਤ ਮਰਨ ਵਰਤ ਅਤੇ ਭੁੱਖ ਹੜਤਾਲ ਕੈਂਪ ਵਿਚ ਪੁੱਜੇ ਅਤੇ ਦੋਵੇਂ ਸਮਾਜ ਸੇਵੀ ਜਥੇਬੰਦੀਆਂ ਵਲੋਂ ਗੁਰੂ ਨਾਨਕ ਸਰਾਂ ਦੀ ਬਹਾਲੀ ਲਈ ਵਿੱਢੇ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਸਬਿੀਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਇਹ ਸਰਾਂ ਬਹੁਤ ਹੀ ਪੁਰਾਣੀ ਬਣੀ ਹੋਈ ਹੈ ਜਿਸ ਵਿਚ ਸਿਵਲ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੇ ਨਾਲ ਦੂਰ-ਦਰਾਡੇ ਤੋਂ ਆਉਣ ਵਾਲੇ ਵਿਅਕਤੀ ਕੋਈ ਪ੍ਰਬੰਧ ਨਾ ਹੋਣ ਕਾਰਨ ਰਾਤ ਕੱਟਣ ਲਈ ਇਸ ਸਰਾਂ ਵਿੱਚ ਠਹਿਰਦੇ ਸਨ, ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਨਸ਼ਾ ਛੁਡਾਊ ਕੇਂਦਰ ਖੁਲ੍ਹਵਾਉਣ ਕਾਰਨ ਲੋਕਾਂ ਲਈ ਇਹ ਸਹੂਲਤ ਕਈ ਸਾਲਾਂ ਤੋਂ ਬੰਦ ਹੈ। ਸ੍ਰੀ ਸਬਿੀਆ ਨੇ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਦੇ ਬਿਲਕੁਲ ਪਿਛਲੇ ਪਾਸੇ ਸਿਵਲ ਹਸਪਤਾਲ ਵਿਚ 12 ਬੈੱਡ ਵਾਲਾ ਨਸ਼ਾ ਛੁਡਾਊ ਹਸਪਤਾਲ ਮੌਜੂਦ ਹੈ। ਇਸਤੋਂ ਇਲਾਵਾ ਪੀਜੀਆਈ ਸੈਟੇਲਾਈਟ ਸੈਂਟਰ ਘਾਬਦਾਂ ਨਜ਼ਦੀਕ ਵੀ 50 ਬੈੱਡ ਵਾਲਾ ਨਸ਼ਾ ਛੁਡਾਊ ਹਸਪਤਾਲ ਮੌਜੂਦ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕਈ ਨਿੱਜੀ ਨਸ਼ਾ ਛੁਡਾਊ ਕੇਂਦਰ ਵੀ ਹਨ। ਇਸ ਲਈ ਇਸ ਥਾਂ ’ਤੇ ਨਸ਼ਾ ਛੁਡਾਊ ਕੇਂਦਰ ਨਾਲੋਂ ਲੋਕਾਂ ਨੂੰ ਗੁਰੂ ਨਾਨਕ ਸਰਾਂ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਮੰਗ ਕੀਤੀ ਕਿ ਨਸ਼ਾ ਛੁਡਾਊ ਕੇਂਦਰ ਨੂੰ ਕਿਸੇ ਹੋਰ ਥਾਂ ਤਬਦੀਲ ਕਰਕੇ ਗੁਰੂ ਨਾਨਕ ਸਰਾਂ ਨੂੰ ਖਾਲੀ ਕਰਵਾਇਆ ਜਾਵੇੇ। ਉਨ੍ਹਾਂ ਕਿਹਾ ਕਿ ਮਰਨ ਵਰਤ ’ਤੇ ਬੈਠੇ ਆਗੂਆਂ ਦਾ ਕੋਈ ਨੁਕਸਾਨ ਹੋਇਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਸੂਬੇਦਾਰ ਰਾਮ ਸਿੰਘ, ਸਰਪੰਚ ਅਮਰੀਕ ਸਿੰਘ ਬੀਕੇਯੂ (ਲੱਖੋਵਾਲ), ਗੁਰਿੰਦਰਪਾਲ ਸਿੰਘ, ਸਰਬਜੀਤ ਸਿੰਘ, ਜਸਵੰਤ ਸਿੰਘ, ਕਿ੍ਸ਼ਨ ਪੁਰੀ, ਅਭਿਸ਼ੇਕ ਸ਼ਰਮਾ ਆਦਿ ਆਗੂ ਹਾਜ਼ਰ ਸਨ।