ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਅਕਤੂਬਰ
ਇਥੇ ਸਰਕਾਰੀ ਰਣਬੀਰ ਕਾਲਜ ਵਿੱਚ 8 ਅਕਤੂਬਰ ਤੋਂ ਲੱਗਣ ਵਾਲੇ ਖੇਤਰੀ ਸਰਸ ਮੇਲੇ ਦੀਆਂ ਸਾਰੀਆਂ ਤਿਆਰੀਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਕੰਮਲ ਕਰ ਲਈਆਂ ਹਨ। 17 ਅਕਤੂਬਰ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਜਿਥੇ ਨਾਰਥ ਜ਼ੋਨ ਕਲਚਰਲ ਸੈਂਟਰ ਵੱਲੋਂ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰਕ ਨਾਚਾਂ ’ਤੇ ਆਧਾਰਤ ਪੇਸ਼ਕਾਰੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ ਉਥੇ ਹਰ ਸ਼ਾਮ ਪੰਜਾਬੀ ਲੋਕ ਗਾਇਕਾਂ ਦੇ ਨਾਂ ਰਹੇਗੀ। ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ 8 ਤੋਂ 17 ਅਕਤੂਬਰ ਤੱਕ ਚੱਲਣ ਵਾਲੇ ਖੇਤਰੀ ਸਰਸ ਮੇਲੇ ’ਚ ਸੱਭਿਆਚਾਰਕ ਪੇਸ਼ਕਾਰੀਆਂ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੀਆਂ ਮਨੋਰੰਜਨ ਗਤੀਵਿਧੀਆਂ ਜਿਵੇਂ ਜਾਦੂਗਰ ਦਾ ਸ਼ੋਅ, ਕਠਪੁਤਲੀਆਂ ਦਾ ਨਾਚ, ਜੋਗੀਆਂ ਦੀ ਬੀਨ ਅਤੇ ਬਹਿਰੂਪੀਆਂ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 2013 ਤੋਂ ਬਾਅਦ ਸੰਗਰੂਰ ਜ਼ਿਲ੍ਹੇ ’ਚ ਖੇਤਰੀ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਸ ਮੇਲੇ ਦੇ ਉਦਘਾਟਨੀ ਦਿਨ 8 ਅਕਤੂਬਰ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ, 9 ਅਕਤੂਬਰ ਨੂੰ ਜੋਰਡਨ ਸੰਧੂ, 10 ਨੂੰ ਹਰਜੀਤ ਹਰਮਨ, 11 ਨੂੰ ਹਰਭਜਨ ਸ਼ੇਰਾ, 12 ਨੂੰ ਸੁਨੰਦਾ ਸ਼ਰਮਾ, 13 ਨੂੰ ਜਸਵਿੰਦਰ ਬਰਾੜ, 14 ਨੂੰ ਅਰਮਾਨ ਢਿੱਲੋ, ਪ੍ਰਭ ਬੈਂਸ, ਚੇਤ ਸਿੰਘ, ਜਸ਼ਨ ਇੰਦਰ, ਸੋਫੀਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ ਜਦਕਿ 15 ਅਕਤੂਬਰ ਨੂੰ ਰਣਜੀਤ ਬਾਵਾ ਅਤੇ 16 ਅਕਤੂਬਰ ਨੂੰ ਸਤਿੰਦਰ ਸਰਤਾਜ ਆਪਣਾ ਪ੍ਰੋਗਰਾਮ ਪੇਸ਼ ਕਰਨਗੇ।