ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਅਗਸਤ
ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਸੈਂਕੜੇ ਬੇਰੁਜ਼ਗਾਰਾਂ ਅਤੇ ਪੁਲੀਸ ਵਿਚਕਾਰ ਉਸ ਸਮੇਂ ਡਿਪਟੀ ਕਮਿਸ਼ਨਰ ਦੀ ਕੋਠੀ ਅੱਗੇ ਧੱਕਾ-ਮੁੱਕੀ ਹੋਈ ਜਦੋਂ ਬੇਰੁਜ਼ਗਾਰ ਡੀਸੀ ਕੋਠੀ ’ਚ ਪੁੱਜੇ ਸਿੱਖਿਆ ਮੰਤਰੀ ਦਾ ਵਿਰੋਧ ਕਰਨ ਲਈ ਅੱਗੇ ਵਧ ਰਹੇ ਸਨ। ਧੱਕਾ-ਮੁੱਕੀ ਦੌਰਾਨ ਇੱਕ ਬੇਰੁਜ਼ਗਾਰ ਦੀ ਪੱਗ ਵੀ ਲੱਥ ਗਈ ਅਤੇ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਨੇ ਪੁਲੀਸ ਨਾਲ ਖਿੱਚ ਧੂਹ ਦੌਰਾਨ ਡੀਸੀ ਕੋਠੀ ਦੇ ਗੇਟ ਨੇੜੇ ਪੁੱਜ ਗਈਆਂ ਸਨ।
ਸਥਾਨਕ ਪੁਲੀਸ ਲਾਈਨ ਖੇਡ ਸਟੇਡੀਅਮ ਵਿਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਆਜ਼ਾਦੀ ਦਿਵਸ ਸਮਾਗਮ ਵਿਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਪੁੱਜੇ ਸਨ। ਬੇਰੁਜ਼ਗਾਰ ਅਧਿਆਪਕ ਸਥਾਨਕ ਸਿਵਲ ਹਸਪਤਾਲ ਅੱਗੇ ਇਕੱਠੇ ਹੋਏ ਅਤੇ ਰੋਸ ਮਾਰਚ ਕਰਦਿਆਂ ਜਿਉਂ ਹੀ ਪੁਲੀਸ ਲਾਈਨ ਵੱਲ ਵਧੇ ਤਾਂ ਪੁਲੀਸ ਨੇ ਸਖ਼ਤ ਨਾਕਾਬੰਦੀ ਕਰ ਕੇ ਬਰਨਾਲਾ ਕੈਂਚੀਆਂ ’ਚ ਓਵਰਬ੍ਰਿਜ ਤੋਂ ਪਹਿਲਾਂ ਰੋਕ ਲਿਆ। ਬੇਰੁਜ਼ਗਾਰਾਂ ਨੇ ਇੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।
ਇਸੇ ਦੌਰਾਨ ਜਿਉਂ ਹੀ ਪ੍ਰਦਰਸ਼ਨਕਾਰੀ ਬੇਰੁਜ਼ਗਾਰਾਂ ਨੂੰ ਪਤਾ ਲੱਗਿਆ ਕਿ ਸਿੱਖਿਆ ਮੰਤਰੀ ਡੀਸੀ ਦੀ ਕੋਠੀ ਪੁੱਜ ਗਏ ਹਨ ਤਾਂ ਉਹ ਨਾਅਰੇਬਾਜ਼ੀ ਕਰਦੇ ਹੋਏ ਡੀਸੀ ਕੋਠੀ ਵੱਲ ਵਧੇ। ਪੁਲੀਸ ਨੇ ਡੀਸੀ ਕੋਠੀ ਤੋਂ ਪਹਿਲਾਂ ਹੀ ਸਖ਼ਤ ਨਾਕਾਬੰਦੀ ਲਗਾ ਕੇ ਬੈਰੀਕੇਡ ਲਗਾਏ ਹੋਏ ਸਨ। ਬੇਰੁਜ਼ਗਾਰਾਂ ਨੇ ਪੁਲੀਸ ਦੇ ਬੈਰੀਕੇਡ ਪਰ੍ਹਾਂ ਸੁੱਟ ਦਿੱਤੇ ਤੇ ਪੁਲੀਸ ਦੀ ਨਾਕਾਬੰਦੀ ਤੋੜ ਕੇ ਡੀਸੀ ਕੋਠੀ ਦੇ ਗੇਟ ਕੋਲ ਪੁੱਜ ਗਏ। ਇਸ ਧੱਕਾ-ਮੁੱਕੀ ਦੌਰਾਨ ਇੱਕ ਬੇਰੁਜ਼ਗਾਰ ਕੁਲਵੰਤ ਸਿੰਘ ਦੀ ਪੱਗ ਲੱਥ ਗਈ ਤੇ ਕੇਸ ਖੁੱਲ੍ਹ ਗਏ। ਕਾਫ਼ੀ ਸਮਾਂ ਮਾਹੌਲ ਤਣਾਅਪੂਰਨ ਬਣਿਆ ਰਿਹਾ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਵਫ਼ਦ ਦੀ ਸਿੱਖਿਆ ਮੰਤਰੀ ਨਾਲ ਡੀਸੀ ਕੋਠੀ ਵਿਚ ਹੀ ਮੀਟਿੰਗ ਕਰਵਾਈ। ਉਨ੍ਹਾਂ ਨੇ ਜਲਦ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਅਤੇ 18 ਅਗਸਤ ਦੀ ਚੰਡੀਗੜ੍ਹ ਵਿਚ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦੀ ਨਿਸ਼ਚਿਤ ਕੀਤੀ ਗਈ।