ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਜਨਵਰੀ
ਰੈੱਡ ਕਰਾਸ ਵਰਕਿੰਗ ਵਿਮੈਨ ਹੋਸਟਲ ਬਿਲਡਿੰਗ ਅੰਦਰ ਮਲਟੀਪਰਪਜ਼ ਹਾਲ ਦਾ ਨਿਰਮਾਣ ਕਰਨ ਲਈ ਨੀਂਹ ਪੱਥਰ ਰੱਖਣ ਦੀ ਰਸਮ ਡਿਪਟੀ ਕਮਿਸ਼ਨਰ ਰਾਮਵੀਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਚੇਅਰਪਰਸਨ ਜਸਪ੍ਰੀਤ ਕੌਰ ਮਾਨ ਵੱਲੋਂ ਅਦਾ ਕੀਤੀ ਗਈ। ਸਕੱਤਰ ਰੈੱਡ ਕਰਾਸ ਕੇਕੇ ਮਿੱਤਲ ਨੇ ਦੱਸਿਆ ਕਿ ਕਰੀਬ 10 ਲੱਖ ਰੁਪਏ ਦੀ ਲਾਗਤ ਵਾਲਾ ਹਾਲ ਫ਼ਸਟ ਏਡ ਟਰੇਨਿੰਗ ਸਮੇਤ ਹੋਰ ਟਰੇਨਿੰਗਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਮੇਂ-ਸਮੇਂ ’ਤੇ ਲੋੜਵੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਲਈ ਬਣਦਾ ਯੋਗਦਾਨ ਪਾਉਣ ਲਈ ਪਹਿਲਕਦਮੀ ਨਾਲ ਕੰਮ ਕਰ ਰਹੀ ਹੈ। ਭਵਿੱਖ ਵਿੱਚ ਵੀ ਲੋਕਾਂ ਦੀ ਸੇਵਾ ਲਈ ਸੰਸਥਾ ਵੱਲੋਂ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸੀ।