ਪੱਤਰ ਪ੍ਰੇਰਕ
ਸੰਦੌੜ, 27 ਜੁਲਾਈ
ਕਸਬਾ ਸੰਦੌੜ ਵਿਚਕਾਰ ਸਥਿਤ ਗੰਦੇ ਛੱਪੜ ਨੂੰ ਨਵੀਨੀਕਰਨ ਕਰਕੇ ਨਵੇਂ ਉਸਾਰੇ ਗਏ ਛੱਪੜ ਦੇ ਅਚਾਨਕ ਦੋ ਵਾਰ ਜ਼ਮੀਨਦੋਜ ਹੋਣ ਤੋਂ ਬਾਅਦ ਇਸ ਸਬੰਧੀ ਛਪੀਆਂ ਖ਼ਬਰਾਂ ਦਾ ਨੋਟਿਸ ਲੈਂਦੇ ਹੋਏ ਅੱਜ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਅੰਮ੍ਰਿਤ ਕੌਰ ਗਿੱਲ ਨੇ ਛੱਪੜ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਇਸ ਛੱਪੜ ਦੇ ਨਵੀਨੀਕਰਨ ਉਪਰ ਲੱਖਾਂ ਰੁਪਏ ਖਰਚ ਕੀਤੇ ਗਏ ਸਨ ਪਰ ਕੁੱਝ ਦਿਨ ਪਹਿਲਾਂ ਪਏ ਅਚਾਨਕ ਮੀਂਹ ਕਾਰਨ ਛੱਪੜ ਢਹਿ ਢੇਰੀ ਹੋ ਗਿਆ ਸੀ। ਇਸ ਤੋਂ ਬਾਅਦ ਡੀਸੀ ਨੇ ਇਸ ਦਾ ਨੋਟਿਸ ਲੈਂਦੇ ਹੋਏ ਅੱਜ ਸੰਦੌੜ ਪਹੁੰਚ ਕੇ ਸਬੰਧਤ ਠੇਕੇਦਾਰ ਨੂੰ ਝਾੜ ਪਾਈ ਅਤੇ ਆਦੇਸ਼ ਦਿੱਤੇ ਕਿ ਤੁਰੰਤ ਇਸ ਦਾ ਮੁੜ ਨਿਰਮਾਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕਾਫੀ ਦੇਰ ਤੱਕ ਰੁਕ ਕੇ ਛੱਪੜ ਦੇ ਜਮੀਨਦੋਜ਼ ਹੋਣ ਬਾਰੇ ਅਧਿਕਾਰੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ। ਇਸ ਮੌਕੇ ਐਕਸੀਅਨ ਪੰਚਾਇਤੀ ਵਿਭਾਗ ਰਣਜੀਤ ਸਿੰਘ ,ਐੱਸਡੀਓ ਦਵਿੰਦਰ ਸਿੰਘ, ਐੱਸਐੱਚਓ ਸੰਦੌੜ ਇੰਸਪੈਕਟਰ ਗੁਰਮੀਤ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਜਗਰੂਪ ਸਿੰਘ ਕਹਿਲ, ਅਮਨਦੀਪ ਸਿੰਘ ਅਮਨਾ ਹਾਜ਼ਰ ਸਨ।